ਬੱਧਨੀ ਕਲਾਂ, 28 ਜਨਵਰੀ (ਸੰਜੀਵ ਕੋਛੜ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਉਬਰਾਏ ਦੀ ਯੋਗ ਅਗਵਾਈ ਹੇਠ ਅਨੇਕਾ ਹੀ ਸਿਲਾਈ ਸੈਂਟਰ, ਕੰਪਿਊਟਰ ਸੈਂਟਰ ਅਤੇ ਬਿਊਟੀਸ਼ਨ ਸੈਂਟਰ ਚੱਲ ਰਹੇ ਹਨ ਅਤੇ ਬਹੁਤ ਹੀ ਸਸਤੇ ਰੇਟਾਂ ਵਿਚ ਖੂਨ ਦੇ ਹਰ ਤਰ੍ਹਾਂ ਦੇ ਟੈੱਸਟ ਕਰਨ ਲਈ ਲੈਬ ਸਥਾਪਿਤ ਕੀਤੀਆਂ ਗਈਆਂ ਹਨ | ਵਿੱਦਿਆ ਅਤੇ ਸਿਹਤ ਸੇਵਾਵਾਂ ਵਿਚ ਅਹਿਮ ਯੋਗਦਾਨ ਪਾਉਂਦਿਆਂ ਹੋਰ ਕਈ ਲਬਾਰਟਰੀਆਂ ਅਤੇ ਵਿੱਦਿਅਕ ਸੈਂਟਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ | ਇਸੇ ਕੜੀ ਤਹਿਤ ਉਬਰਾਏ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੋਗਾ ਜ਼ਿਲੇ੍ਹ ਦੀ ਟੀਮ ਵਲੋਂ ਜਗਜੀਤ ਸਿੰਘ ਖਹਿਰਾ ਦੀ ਦੇਖ-ਰੇਖ ਹੇਠ ਬੱਧਨੀ ਕਲਾਂ ਵਿਖੇ ਮੁਫ਼ਤ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ, ਜਿਸ ਦੀ ਸ਼ੁਰੂਆਤ ਕਰਨ ਲਈ ਮੋਗਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਭਵਨਦੀਪ ਸਿੰਘ ਪੁਰਬਾ ਅਤੇ ਟਰੱਸਟੀ ਹਰਭਿੰਦਰ ਸਿੰਘ ਜਾਨੀਆ ਮੁੱਖ ਤੌਰ 'ਤੇ ਹਾਜ਼ਰ ਹੋਏ | ਬੱਧਨੀ ਕਲਾਂ ਦੇ ਦਾਨਾ ਪੱਤੀ ਵਾਲੇ ਗੁਰਦੁਆਰਾ ਸਾਹਿਬ ਵਿਖੇ 32 ਕੁੜੀਆਂ ਦੇ ਬੈਚ ਦਾ ਸੈਂਟਰ ਦਾ ਆਰੰਭ ਹੋਇਆ | ਇਸ ਸਿਲਾਈ ਸੈਂਟਰ ਦਾ ਉਦਘਾਟਨ ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ ਨੇ ਰੀਬਨ ਕੱਟ ਕੇ ਕਰਦਿਆਂ ਕਿਹਾ ਕਿ ਸਰਬੱਤ ਦੇ ਭਲਾ ਟਰੱਸਟ ਵਲੋਂ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ, ਉਪਰੰਤ ਹਾਜ਼ਰ ਹੋਈਆਂ ਵਿਦਿਆਰਥਣਾਂ ਅਤੇ ਪਤਵੰਤੇ ਸੱਜਣਾਂ ਨੂੰ ਟਰੱਸਟ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ ਅਤੇ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਟਰੱਸਟੀ ਹਰਭਿੰਦਰ ਸਿੰਘ ਜਾਨੀਆ ਨੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਉਬਰਾਏ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਜਗਜੀਤ ਸਿੰਘ ਦੀਸ਼ਾ ਤੋਂ ਇਲਾਵਾ ਅਮਨਦੀਪ ਸਿੰਘ ਸਿੱਧੂ ਅਮਨਾ ਨੰਬਰਦਾਰ, ਜਗਜੀਤ ਸਿੰਘ ਖਹਿਰਾ, ਬਲਜਿੰਦਰ ਸਿੰਘ, ਭਰਪੂਰ ਸਿੰਘ, ਸੁਖਦੇਵ ਸਿੰਘ ਖਹਿਰਾ, ਜਗਰਾਜ ਸਿੰਘ ਜਾਜੀ ਨੰਬਰਦਾਰ, ਸਿਲਾਈ ਟੀਚਰ ਮੈਡਮ ਪਿੰਕੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਮਨਿੰਦਰ ਸਿੰਘ (ਪਾਠੀ ਸਿੰਘ) ਮੁੱਖ ਤੌਰ ਤੇ ਹਾਜ਼ਰ ਸਨ |