ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਸਮਾਜ ਦੇ ਆਦਰਸ਼ ਨਾਗਰਿਕ ਬਣਨ। ਆਦਰਸ਼ ਨਾਗਰਿਕ ਬਣਨ ਲਈ ਆਦਰਸ਼ ਵਿਵਹਾਰ ਜ਼ਰੂਰੀ ਹੈ। ਹਰ ਇਨਸਾਨ ਦਾ ਵਿਵਹਾਰ ਹੀ ਉਸ ਨੂੰ ਆਦਰਸ਼ ਜਾਂ ਬੁਰੇ ਨਾਗਰਿਕ ਦਾ ਦਰਜ਼ਾ ਦਿਵਾਉਂਦਾ ਹੈ। ਰਸਮੀ ਸਿੱਖਿਆ ਦਾ ਮੁੱਖ ਮਨੋਰਥ ਵੀ ਵਿਅਕਤੀ ਨੂੰ ਸਮਾਜ ਦਾ ਅਜਿਹਾ ਨਾਗਰਿਕ ਬਣਾਉਣਾ ਹੈ, ਜੋ ਹੋਰਨਾਂ ਲਈ ਮਿਸਾਲ ਬਣੇ। ਇਸੇ ਲਈ ਮਾਪੇ ਆਪਣੇ ਬੱਚਿਆਂ ਲਈ ਵਧੀਆ ਤੋਂ ਵਧੀਆ ਵਿੱਦਿਅਕ ਸੰਸਥਾ ਦੀ ਚੋਣ ਕਰਦੇ ਹਨ। ਬੱਚੇ ਨੂੰ ਆਦਰਸ਼ ਨਾਗਰਿਕ ਬਣਾਉਣ ਲਈ ਮਾਪੇ ਕਦੇ ਵੀ ਪੈਸੇ ਖਰਚਣ ਤੋਂ ਨਹੀਂ ਹਿਚਕਚਾਉਂਦੇ।
ਪਰ ਬੱਚੇ ਨੂੰ ਆਦਰਸ਼ ਨਾਗਰਿਕ ਬਣਾਉਣ ਦੀਆਂ ਕੋਸ਼ਿਸ਼ਾਂ ਦੌਰਾਨ ਮਾਪੇ ਇਹ ਭੁੱਲ ਜਾਂਦੇ ਹਨ ਕਿ ਬੱਚੇ ਸਿੱਖਣ ਦੀ ਬਜਾਏ ਗ੍ਰਹਿਣ ਬਹੁਤ ਜਲਦੀ ਕਰਦੇ ਹਨ। ਜ਼ਰਾ ਸੋਚੋ ਤਾਂ ਬੱਚਿਆਂ ਨੂੰ ਮੰਮੀ ਡੈਡੀ ਜਾਂ ਕੁਝ ਕੁ ਹੋਰ ਸ਼ਬਦ ਸਿਖਾਉਣ ਤੋਂ ਇਲਾਵਾ ਬਾਕੀ ਦੀ ਸ਼ਬਦਾਵਲੀ ਕਿਸ ਨੇ ਸਿਖਾਈ? ਉਹ ਬੱਚਿਆਂ ਨੇ ਪਰਿਵਾਰ ਅਤੇ ਸਮਾਜ ਤੋਂ ਗ੍ਰਹਿਣ ਕੀਤੀ ਹੈ। ਕਈ ਬੱਚੇ ਗਾਲਾਂ ਕੱਢਣ ਲੱਗ ਜਾਂਦੇ ਹਨ। ਕੀ ਉਨ੍ਹਾਂ ਨੂੰ ਅਧਿਆਪਕਾਂ ਜਾਂ ਮਾਪਿਆਂ ਨੇ ਸਿਖਾਈਆਂ ਸਨ ਗਾਲਾਂ? ਨਹੀਂ ਇਹ ਉਨ੍ਹਾਂ ਨੇ ਆਲੇ-ਦੁਆਲੇ ਤੋਂ ਗ੍ਰਹਿਣ ਕਰਕੇ ਸਿੱਖੀਆਂ ਹਨ ਗਾਲਾਂ। ਅਜਿਹੇ ਬੱਚੇ ਦੇ ਪਰਿਵਾਰ ਵਿੱਚ, ਉਸ ਦੇ ਦੋਸਤਾਂ ਦੇ ਪਰਿਵਾਰ ਵਿਚ ਜਾਂ ਆਲੇ-ਦੁਆਲੇ ਜ਼ਰੂਰ ਕੋਈ ਗਾਲਾਂ ਕੱਢਦਾ ਹੋਵੇਗਾ, ਜਿਸ ਤੋਂ ਬੱਚੇ ਨੇ ਗਾਲਾਂ ਗ੍ਰਹਿਣ ਕੀਤੀਆਂ।
ਮਾਪਿਆਂ ਨੂੰ ਇਹ ਹਕੀਕਤ ਸਮਝਣ ਦੀ ਕੋਸ਼ਿਸ਼ ਕਰਨੀ ਹੋਵੇਗੀ ਕਿ ਬੱਚਿਆਂ ਨੂੰ ਹਦਾਇਤਾਂ ਦੇਣ ਜਾਂ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ ਨਾਲ ਕੁਝ ਨੀ ਹੋਣ ਵਾਲਾ। ਤੁਹਾਡਾ ਬੱਚਾ ਤੁਹਾਡੇ ਵਿਵਹਾਰ ਨੂੰ ਨੋਟ ਕਰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਬੱਚੇ ਦੀ ਸ਼ਖ਼ਸੀਅਤ ਉਸਾਰੀ 'ਚ ਸਕੂਲ ਨਾਲੋਂ ਪਰਿਵਾਰ ਦਾ ਯੋਗਦਾਨ ਜ਼ਿਆਦਾ ਹੁੰਦਾ ਹੈ। ਵਿੱਦਿਅਕ ਸੰਸਥਾ ਬੱਚੇ ਨੂੰ ਅੱਖਰ ਗਿਆਨ ਦੇ ਸਕਦੀ ਹੈ। ਅੱਖਰ ਗਿਆਨ ਵਿਚ ਅੱਵਲ ਲਿਆ ਸਕਦੀ ਹੈ। ਪਰ ਜ਼ਰੂਰੀ ਨਹੀਂ ਕਿ ਅੱਖਰ ਗਿਆਨ ਵਿੱਚ ਮੋਹਰੀ ਬੱਚਾ ਵਧੀਆ ਸ਼ਖ਼ਸੀਅਤ ਦਾ ਵੀ ਮਾਲਿਕ ਹੋਵੇ। ਹਾਂ ਪਰ ਅੱਖਰ ਗਿਆਨ ਵਿੱਚ ਪਿੱਛੇ ਰਹਿਣ ਵਾਲਾ ਬੱਚਾ ਆਦਰਸ਼ ਨਾਗਰਿਕ ਜ਼ਰੂਰ ਹੋ ਸਕਦਾ ਹੈ। ਜਿਹੋ-ਜਿਹਾ ਮਾਪਿਆਂ ਦਾ ਵਿਵਹਾਰ ਹੋਵੇਗਾ ਬੱਚਾ ਖੁਦ-ਬਖੁਦ ਉਹੋ ਜਿਹਾ ਵਿਵਹਾਰ ਧਾਰਨ ਕਰ ਜਾਵੇਗਾ। ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਇਨਸਾਨ ਦੀ ਗੱਲਬਾਤ ਦਾ ਤਰੀਕਾ ਉਸ ਦੇ ਮਾਪਿਆਂ ਬਾਰੇ ਜਾਣਕਾਰੀ ਦੇ ਜਾਂਦਾ ਹੈ। ਸੱਭਿਅਕ, ਸੱਚ ਦੇ ਪਾਂਧੀ ਅਤੇ ਇਮਾਨਦਾਰ ਮਾਪਿਆਂ ਦੇ ਬੱਚੇ ਵੀ ਅਜਿਹੇ ਗੁਣਾ ਦੇ ਧਾਰਨੀ ਹੋਣਗੇ। ਦੂਜਿਆਂ ਦਾ ਸਤਿਕਾਰ ਕਰਨ ਵਾਲੇ ਮਾਪਿਆਂ ਦੇ ਬੱਚੇ ਸਹਿਜ ਸੁਭਾਅ ਹੀ ਨਿਮਰ ਅਤੇ ਦੂਜਿਆਂ ਨੂੰ ਸਤਿਕਾਰ ਦੇਣ ਵਾਲੇ ਬਣ ਜਾਂਦੇ ਹਨ। ਜੇਕਰ ਅਜਿਹੇ ਬੱਚਿਆਂ ਨੂੰ ਵਧੀਆ ਅੱਖਰ ਗਿਆਨ ਗ੍ਰਹਿਣ ਕਰਨ ਦਾ ਅਵਸਰ ਮਿਲ ਜਾਵੇ ਤਾਂ ਉਸ ਦੀ ਸ਼ਖ਼ਸੀਅਤ ਮਿਸਾਲ ਬਣ ਜਾਂਦੀ ਹੈ। ਸਮਾਜ ਅਜਿਹੇ ਬੱਚਿਆਂ ਦੀਆਂ ਉਦਾਹਰਨਾਂ ਦਿੰਦਾ ਹੈ।
-ਮੋਬਾਈਲ : 98786-05965
ਮਾਰਫ਼ਤ : ਜ਼ਿਲ੍ਹਾ ਭਾਸ਼ਾ ਦਫ਼ਤਰ, ਬਰਨਾਲਾ।