ਅਸੀਂ ਅਕਸਰ ਲੋਕਾਂ ਨੂੰ ਉਨ੍ਹਾਂ ਦੇ ਚਿਹਰਿਆਂ ਤੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਨਸਾਨ ਦੀ ਅਸਲ ਕਹਾਣੀ ਚਿਹਰੇ 'ਤੇ ਨਹੀਂ, ਉਸ ਦੇ ਅੰਦਰ ਵੱਸਦੀ ਹੈ |

ਇਸ ਲਈ ਕਿਸੇ ਦੀ ਖਾਮੋਸ਼ੀ ਨੂੰ ਬੇਫਿਕਰੀ ਅਤੇ ਮੁਸਕਾਨ ਨੂੰ ਖੁਸ਼ੀ ਸਮਝਣ ਦੀ ਭੁੱਲ ਨਾ ਕਰੀਏ, ਕਿਉਂਕਿ ਕਈ ਵਾਰ ਸਭ ਤੋਂ ਵੱਧ ਸ਼ੋਰ ਉਸ ਦਿਲ ਅੰਦਰ ਹੁੰਦਾ ਹੈ, ਜੋ ਬਾਹਰੋਂ ਬਿਲਕੁਲ ਖ਼ਾਮੋਸ਼ ਦਿਸਦਾ ਹੈ |ਕੁਝ ਚਿਹਰੇ ਅਜਿਹੇ ਹੁੰਦੇ ਨੇ, ਜਿਨ੍ਹਾਂ ਉਤੇ ਟਿਕੀ ਮੁਸਕਾਨ ਨੂੰ ਵੇਖ ਕੇ ਦੁਨੀਆ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ੁਸ਼ਹਾਲ ਸਮਝ ਲੈਂਦੀ ਹੈ | ਪਰ ਕੌਣ ਜਾਣਦਾ ਹੈ ਕਿ ਉਸ ਮੁਸਕਾਨ ਦੇ ਪਿੱਛੇ ਕਿੰਨੀਆਂ ਅਧੂਰੀਆਂ ਰਾਤਾਂ, ਕਿੰਨੇ ਅਣਕਹੇ ਦਰਦ ਅਤੇ ਕਿੰਨੇ ਬੇਆਵਾਜ਼ ਹੰਝੂ ਦਫ਼ਨ ਹੁੰਦੇ ਨੇ | ਹਰ ਸ਼ਾਂਤ ਚਿਹਰਾ ਸਕੂਨ ਵਿਚ ਨਹੀਂ ਹੁੰਦਾ, ਕਈ ਵਾਰ ਉਸ ਚਿਹਰੇ ਨੇ ਅੰਦਰਲੇ ਤੂਫ਼ਾਨਾਂ ਨੂੰ ਏਨੀ ਖੂਬਸੂਰਤੀ ਨਾਲ ਸਹਿ ਲਿਆ ਹੁੰਦਾ ਹੈ ਕਿ ਬਾਹਰ ਸਿਰਫ਼ ਖ਼ਾਮੋਸ਼ੀ ਹੀ ਨਜ਼ਰ ਆਉਂਦੀ ਹੈ | ਜ਼ਿੰਦਗੀ ਦੀਆਂ ਕੁਝ ਲੜਾਈਆਂ ਅਜਿਹੀਆਂ ਹੁੰਦੀਆਂ ਨੇ, ਜਿਨ੍ਹਾਂ ਵਿਚ ਨਾ ਕੋਈ ਹਥਿਆਰ ਹੁੰਦਾ ਹੈ, ਨਾ ਕੋਈ ਮੈਦਾਨ | ਇਹ ਲੜਾਈਆਂ ਮਨ ਦੀਆਂ ਗਹਿਰਾਈਆਂ ਵਿਚ ਲੜੀਆਂ ਜਾਂਦੀਆਂ ਨੇ | ਆਪਣੇ ਹੀ ਖਿਆਲਾਂ ਨਾਲ, ਆਪਣੀਆਂ ਯਾਦਾਂ ਨਾਲ, ਆਪਣੇ ਟੁੱਟੇ ਸੁਪਨਿਆਂ ਨਾਲ | ਇਨ੍ਹਾਂ ਜੰਗਾਂ ਦੀ ਕੋਈ ਗਵਾਹੀ ਨਹੀਂ ਹੁੰਦੀ, ਕੋਈ ਤਗਮਾ ਨਹੀਂ ਮਿਲਦਾ ਬਸ ਇਨਸਾਨ ਹਰ ਸਵੇਰ ਆਪਣੇ-ਆਪ ਨੂੰ ਸਮੇਟ ਕੇ ਮੁੜ ਦੁਨੀਆ ਦੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ | ਕਈ ਲੋਕ ਆਪਣੇ ਹਿੱਸੇ ਦਾ ਦਰਦ ਵੀ ਹੱਸ ਕੇ ਪੀ ਜਾਂਦੇ ਨੇ | ਉਹ ਦੂਜਿਆਂ ਦੇ ਚਿਹਰਿਆਂ 'ਤੇ ਮੁਸਕਾਨ ਵੇਖਣ ਲਈ ਆਪਣੀਆਂ ਉਦਾਸੀਆਂ ਲੁਕਾ ਲੈਂਦੇ ਨੇ | ਕਿਸੇ ਨੂੰ ਆਪਣੇ ਟੁੱਟਣ ਦੀ ਖ਼ਬਰ ਨਹੀਂ ਹੋਣ ਦਿੰਦੇ, ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਉਨ੍ਹਾਂ ਦੀ ਕਮਜ਼ੋਰੀ ਕਿਸੇ ਲਈ ਬੋਝ ਨਾ ਬਣ ਜਾਵੇ |
-ਪਿੰਡ ਹੀਰੋਂ ਖੁਰਦ (ਮਾਨਸਾ) |
ਮੋਬਾਈਲ : 92561-00049