17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਭਾਫ਼ ਰਾਹੀਂ ਸੁੰਦਰਤਾ ਨਿਖਾਰੋ

ਭਾਫ਼ ਰਾਹੀਂ ਸੁੰਦਰਤਾ ਨਿਖਾਰੋ

Ad Position 21
No active advertisement
ਅਜੀਤ ਡੈਸਕ 17-09-2026

 

ਫੇਸ ਸਟੀਮਿੰਗ ਭਾਵ ਭਾਫ਼ ਨਾਲ ਔਰਤਾਂ ਸਦੀਆਂ ਤੋਂ ਆਪਣੀ ਖ਼ੂਬਸੂਰਤੀ ਨਿਖਾਰਨ ਲਈ ਵਰਤੋਂ ਕਰਦੀਆਂ ਰਹੀਆਂ ਹਨ | ਇਸ ਨੂੰ  ਔਰਤਾਂ ਆਪਣੀ ਚਮੜੀ ਨੂੰ  ਕੋਮਲ ਅਤੇ ਮੁਲਾਇਮ ਬਣਾਉਣ ਲਈ ਇਸਤੇਮਾਲ ਕਰਦੀਆਂ ਰਹੀਆਂ ਹਨ | ਫੇਸ ਸਟੀਮਿੰਗ ਰਾਹੀਂ ਕੁਦਰਤੀ ਤਰੀਕੇ ਨਾਲ ਚਮੜੀ ਨੂੰ  ਪੋਸ਼ਣ ਪ੍ਰਦਾਨ ਕਰਕੇ ਚਮੜੀ ਦੀ ਗਹਰਾਈ ਨਾਲ ਸਫਾਈ ਕੀਤੀ ਜਾਂਦੀ ਹੈ | ਇਹ ਰੋਮ ਛੇਕਾਂ ਨੂੰ  ਖੋਲ੍ਹਦਾ ਹੈ, ਖ਼ੂਨ ਦਾ ਦੌਰਾ ਵਧਾ ਦਿੰਦਾ ਹੈ ਅਤੇ ਚਮੜੀ ਵਿਚ ਜਮ੍ਹਾਂ ਗੰਦਗੀ ਨੂੰ  ਬਾਹਰ ਕੱਢਦਾ ਹੈ |
ਭਾਫ਼ ਦੀ ਵਿਧੀ : ਚਿਹਰੇ ਨੂੰ  ਭਾਫ਼ ਦੇਣ ਲਈ ਤੁਸੀਂ ਤੌਲੀਏ ਦਾ ਉਪਯੋਗ ਕਰ ਸਕਦੇ ਹੋ | ਇਸ ਲਈ ਇਕ ਸਾਫ਼, ਛੋਟੇ ਤੌਲੀਏ ਨੂੰ  ਇਕ ਹੀਟ ਪਰੂਫ ਕਟੋਰੇ ਜਾਂ ਬਾਲਟੀ ਵਿਚ ਰੱਖੋ | ਤੌਲੀਏ 'ਤੇ ਗਰਮ ਪਾਣੀ ਪਾਓ | ਤੌਲੀਏ ਨੂੰ  ਨਿਚੋੜੋ ਅਤੇ ਆਪਣੇ ਚਿਹਰੇ 'ਤੇ ਰੱਖ ਲਓ | ਇਹ ਸਾਵਧਾਨੀ ਰੱਖੋ ਕਿ ਤੌਲੀਏ 'ਤੇ ਉਬਲਦਾ ਪਾਣੀ ਨਾ ਪਾਓ | ਜੇਕਰ ਤੌਲੀਆ ਜ਼ਿਆਦਾ ਗਰਮ ਹੋਵੇ ਤਾਂ ਇਸ ਨੂੰ  ਥੋੜਾ ਠੰਢਾ ਹੋਣ ਦਿਉ |
ਆਮ ਤੌਰ 'ਤੇ, ਤੁਸੀਂ ਗਰਮ ਤੌਲੀਏ ਨੂੰ  ਇਕ ਵਾਰ 'ਚ ਜ਼ਿਆਦਾ ਤੋਂ ਜ਼ਿਆਦਾ 10 ਮਿੰਟ ਤੱਕ ਸਟੀਮ ਕਰ ਸਕਦੇ ਹੋ | ਭਾਫ਼ ਨੂੰ  ਇਕ ਵਾਰ ਵਿਚ 2 ਜਾਂ 3 ਮਿੰਟ ਲਈ ਲਵੋ ਅਤੇ ਇਸ ਦੌਰਾਨ 1 ਮਿੰਟ ਦਾ ਬ੍ਰੇਕ ਲਓ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਤੁਹਾਡੀ ਚਮੜੀ ਭਾਫ਼ ਨੂੰ  ਕਿਵੇਂ ਸਹਿਣ ਕਰ ਰਹੀ ਹੈ | ਜੇਕਰ ਤੁਹਾਨੂੰ ਬਹੁਤ ਗਰਮੀ ਮਹਿਸੂਸ ਹੋਵੇ ਜਾਂ ਜਲਨ ਹੋਵੇ ਤਾਂ ਸਟੀਮ ਲੈਣ ਦਾ ਸਮਾਂ ਘਟਾ ਦਿਓ ਜਾਂ ਇਸ ਦਾ ਇਸਤੇਮਾਲ ਬੰਦ ਕਰ ਦਿਓ |
ਇਕ ਪਤੀਲੇ ਵਿਚ ਪਾਣੀ ਉਬਾਲ ਲਓ | ਜਦੋਂ ਪਾਣੀ ਉਬਲ ਰਿਹਾ ਹੋਵੇ ਤਾਂ ਇਸ ਵਿਚ ਕੁਝ ਸੰਤਰੇ ਦੇ ਛਿਲਕੇ, ਸੁੱਕੇ ਗੁਲਾਬ ਦੀਆਂ ਪੱਤੀਆਂ, ਲੈਵੇਂਡਰ, ਯੂਕਲਿਪਟਸ ਆਦਿ ਸੁੱਕੀਆਂ ਜੜ੍ਹੀ ਬੂਟੀਆਂ ਅਤੇ ਚੁਕੰਦਰ ਦੇ ਪੱਤਿਆਂ ਦੇ ਛੋਟੇ-ਛੋਟੇ ਟੁਕੜੇ ਪਾ ਦਿਓ | ਹੁਣ ਇਸ ਤੋਂ ਬਾਅਦ ਪਾਣੀ ਨੂੰ  ਗੈਸ ਤੋਂ ਉਤਾਰ ਲਓ |
ਆਪਣੇ ਸਿਰ ਨੂੰ  ਤੌਲੀਏ ਨਾਲ ਢਕ ਲਓ ਤਾਂ ਜੋ ਭਾਫ਼ ਬਰਬਾਦ ਨਾ ਹੋਵੇ | ਹੁਣ 8-10 ਇੰਚ ਦੀ ਦੂਰੀ ਤੋਂ ਭਾਫ਼ ਲਓ | ਭਾਫ਼ ਸਿਰਫ਼ ਉਦੋਂ ਤੱਕ ਲਓ ਜਦੋਂ ਤੱਕ ਤੁਸੀਂ ਆਰਾਮ ਨਾਲ ਲੈ ਸਕਦੇ ਹੋ |
ਭਾਫ਼ ਲੈਂਦੇ ਹੋਏ ਆਪਣੀਆਂ ਅੱਖਾਂ ਬੰਦ ਰੱਖੋ ਜਿਸ ਨਾਲ ਅੱਖਾਂ ਵਿਚ ਜਲਨ ਦਾ ਖ਼ਤਰਾ ਨਹੀਂ ਹੋਵੇਗਾ ਅਤੇ ਤੁਹਾਡੀਆਂ ਪਲਕਾਂ ਭਾਫ਼ ਦਾ ਅਨੰਦ ਲੈ ਸਕਣਗੀਆਂ | ਆਪਣੇ ਚਿਹਰੇ ਨੂੰ  ਭਾਂਡੇ ਤੋਂ ਲਗਭਗ 10 ਇੰਚ ਦੂਰੀ 'ਤੇ ਰੱਖੋ ਅਤੇ ਆਪਣੀ ਚਮੜੀ ਦੇ ਅਨੁਸਾਰ ਦੂਰੀ ਬਣਾਓ ਜਿਸ ਨਾਲ ਤੁਹਾਨੂੰ ਆਰਾਮਦਾਇਕ ਮਹਿਸੂਸ ਹੋਵੇ |
ਤੁਸੀਂ ਹਫ਼ਤੇ ਵਿਚ ਦੋ ਜਾਂ ਤਿੰਨ ਵਾਰ ਭਾਫ਼ ਲੈ ਸਕਦੇ ਹੋ, ਪਰ ਜੇਕਰ ਤੁਹਾਡੀ ਚਮੜੀ ਖ਼ੁਸ਼ਕ ਰਹਿੰਦੀ ਹੈ ਤਾਂ ਭਾਫ਼ ਲੈਣ ਤੋਂ ਪਹਿਲਾਂ ਚਮੜੀ 'ਤੇ ਮਾਇਸਚਰਾਈਜ਼ਰ ਜ਼ਰੂਰ ਲਗਾ ਲਓ |
ਭਾਫ਼ ਲੈਣ ਤੋਂ ਬਾਅਦ ਇਕ ਟੋਨਰ ਨੂੰ  ਚਮੜੀ 'ਤੇ ਲਗਾਓ ਤਾਂ ਜੋ ਚਮੜੀ ਦੇ ਪੀ.ਐਚ. ਸੰਤੁਲਨ ਨੂੰ  ਬਣਾ ਕੇ ਰੱਖਿਆ ਜਾ ਸਕੇ ਅਤੇ ਪੋਰਸ ਨੂੰ  ਟਾਈਟ ਕੀਤਾ ਜਾ ਸਕੇ |
ਚਮੜੀ ਦੀ ਨਮੀ ਨੂੰ  ਬਰਕਰਾਰ ਰੱਖਣ ਲਈ ਹਲਕੇ ਮਾਇਸਚਰਾਈਜ਼ਰ ਦਾ ਇਸਤੇਮਾਲ ਕਰੋ ਤਾਂ ਜੋ ਤੁਹਾਡੀ ਚਮੜੀ ਕੋਮਲ ਅਤੇ ਮੁਲਾਇਮ ਬਣੀ ਰਹਿ ਸਕੇ |
ਇਸ ਲਈ ਕੁਝ ਸਾਵਧਾਨੀਆਂ ਵਰਤਣੀਆਂ ਵੀ ਜ਼ਰੂਰੀ ਹਨ | ਮਸਲਨ ਵਧੇਰੇ ਭਾਫ਼ ਲੈਣ ਨਾਲ ਚਮੜੀ ਦੇ ਕੁਦਰਤੀ ਤੇਲ ਘੱਟ ਹੋ ਸਕਦਾ ਹੈ, ਜਿਸ ਨਾਲ ਚਮੜੀ ਖ਼ੁਸ਼ਕ ਅਤੇ ਟਾਈਟ ਹੋ ਸਕਦੀ ਹੈ | ਪਰ ਵਧੇਰੇ ਭਾਫ਼ ਲੈਣ ਨਾਲ ਨਾੜੀਆਂ ਨੂੰ  ਨੁਕਸਾਨ ਪਹੁੰਚ ਸਕਦਾ ਹੈ | ਐਗਜ਼ੀਮਾ ਨਾਲ ਜੂਝ ਰਹੇ ਲੋਕਾਂ ਨੂੰ  ਭਾਫ਼ ਨਹੀਂ ਲੈਣੀ ਚਾਹੀਦੀ | ਵਧੇਰੇ ਭਾਫ਼ ਲੈਣ ਨਾਲ ਤੁਹਾਡੀ ਚਮੜੀ ਦਾ ਕੁਦਰਤੀ ਤੇਲ ਖ਼ਤਮ ਹੋ ਸਕਦਾ ਹੈ, ਜਿਸ ਨਾਲ ਚਮੜੀ ਵਿਚ ਖਿੱਚ, ਜਲਨ, ਲਾਲੀ ਅਤੇ ਪਪੜੀ ਨਿਕਲਣ ਦੀ ਸਮੱਸਿਆ ਹੋ ਸਕਦੀ ਹੈ |
-0-

Ad Position 22
No active advertisement
ਪਿਛਲੀ ਖ਼ਬਰ ਸਫਲਤਾਪੂਰਵਕ ਪੂਰਾ ਕੀਤਾ 'ਸਪੀਤੀ ਐਕਸਪੀਡੀਸ਼ਨ 2026' ਅਗਲੀ ਖ਼ਬਰ ਸੋਨੇ ਦੀ ਖ਼ਰੀਦਦਾਰੀ ਕਰਦੇ ਸਮੇਂ ਸਮਝਦਾਰੀ ਵਰਤੋ
Ad Position 24