ਬਾਹਰੀ ਚਕਾਚੌਂਧ ਦੀ ਬਜਾਏ ਅੰਦਰੂਨੀ ਗੁਣਾਂ ਦੀ ਪਰਖ ਹੈ ਜ਼ਰੂਰੀ

ਅਕਸਰ ਹੀ ਧੀ ਦੇ ਜਵਾਨ ਹੁੰਦਿਆਂ ਮਾਪਿਆਂ ਨੂੰ ਉਸ ਲਈ ਯੋਗ ਵਰ ਘਰ ਭਾਲਣ ਪ੍ਰਤੀ ਚਿੰਤਾ ਸਤਾਉਣ ਲੱਗਦੀ ਹੈ | ਉਨ੍ਹਾਂ ਦੀ ਦਿਲੀ ਇੱਛਾ ਹੁੰਦੀ ਹੈ ਕਿ ਹੋਣ ਵਾਲਾ ਵਰ ਸੋਹਣਾ-ਸੁਨੱਖਾ, ਆਰਥਿਕ ਪੱਖੋਂ ਪ੍ਰਪੱਕ, ਸਾਊ ਸੁਭਾਅ ਵਾਲਾ ਹੋਵੇ, ਜਿਸ ਨਾਲ ਚਲਦਿਆਂ ਲਾਡਲੀ ਧੀ ਦੀ ਜ਼ਿੰਦਗੀ ਦਾ ਸਮੁੱਚਾ ਜੀਵਨ ਪੰਧ ਖ਼ੁਸ਼ੀ-ਖ਼ੁਸ਼ੀ ਬਤੀਤ ਹੋਵੇ ਅਤੇ ਧੀ ਵਲੋਂ ਹਮੇਸ਼ਾ ਠੰਢੀ ਹਵਾ ਦੇ ਬੁੱਲੇ ਆਉਂਦੇ ਰਹਿਣ | ਪਰ ਅੱਜ ਦੇ ਦਿਖਾਵੇ, ਝੂਠ-ਫਰੇਬ, ਬਨਾਵਟਪੁਣੇ ਦੇ ਦੌਰ 'ਚ ਚੰਗਾ ਵਰ-ਘਰ ਲੱਭਣਾ ਕਿਹੜਾ 'ਖਾਲਾ ਜੀ ਦਾ ਵਾੜਾ' ਰਹਿ ਗਿਆ ਹੈ, ਕਿਉਂਕਿ ਸਿਰਫ਼ ਖੂਬਸੂਰਤ, ਅਮੀਰ, ਚੰਗੀ ਨੌਕਰੀ ਜਾਂ ਵਿਦੇਸ਼ ਵਸਦੇ ਲੱਭੇ ਗਏ ਲਾੜਿਆਂ ਸੰਗ ਵਿਆਹੀਆਂ ਪੰਜਾਬ ਦੀਆਂ ਕਈ ਕੁੜੀਆਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਨਾਲ ਜੂਝ ਰਹੀਆਂ ਹਨ, ਜਿਸ ਬਾਰੇ ਅਸੀਂ ਅਕਸਰ ਅਖ਼ਬਾਰਾਂ, ਟੀ.ਵੀ. ਵਗੈਰਾ ਦੀਆਂ ਖ਼ਬਰਾਂ 'ਚ ਪੜ੍ਹਦੇ-ਸੁਣਦੇ ਹੀ ਰਹਿੰਦੇ ਹਾਂ | ਆਮ ਤੌਰ 'ਤੇ ਜ਼ਿਆਦਾਤਰ ਲੜਕੀਆਂ ਤੜਕ-ਭੜਕ, ਵਿਖਾਵੇ ਪ੍ਰਤੀ ਆਕਰਸ਼ਤ ਹੁੰਦਿਆਂ ਆਪਣੇ ਲਈ ਅਮੀਰ, ਸੁੰਦਰ ਲੜਕੇ ਨੂੰ ਪਹਿਲ ਦਿੰਦੀਆਂ ਹਨ, ਪਰ ਉਨ੍ਹਾਂ ਨੂੰ ਇਹ ਸਮਝ ਲਣਾ ਚਾਹੀਦਾ ਹੈ ਕਿ ਸਿਰਫ਼ ਦੌਲਤ, ਸ਼ੋਹਰਤ, ਕੋਠੀਆਂ, ਕਾਰਾਂ ਹੀ ਸੁੱਖ ਦਾ ਆਧਾਰ ਨਹੀਂ ਹੁੰਦੇ, ਸਗੋਂ ਹੋਣ ਵਾਲੇ ਵਰ ਦੀ ਯੋਗਤਾ, ਨੂੰ ਸਿਆਣਪ, ਬੋਲਚਾਲ, ਕਰੀਅਰ ਅਤੇ ਸੁਭਾਅ ਪਰਖਣ ਦੀ ਲੋੜ ਹੁੰਦੀ ਹੈ | ਅਜਿਹਾ ਅਹਿਮ ਫ਼ੈਸਲਾ ਲੈਣ ਸਮੇਂ ਕੇਵਲ ਲੜਕੇ ਦੀ ਦੌਲਤ, ਸ਼ੋਹਰਤ, ਬਾਹਰੀ ਚਕਾਚੌਂਧ, ਅਮੀਰੀ ਨੂੰ ਹੀ ਅਧਾਰ ਨਾ ਮੰਨਦਿਆਂ ਉਸ ਦੀ ਅੰਦਰੂਨੀ ਪ੍ਰਤਿਭਾ, ਲਿਆਕਤ ਦੀ ਨਿਰਖ-ਪਰਖ ਜ਼ਰੂਰੀ ਹੁੰਦੀ ਹੈ | ਜਦ ਵੱਡੇ-ਵੱਡੇ ਮਹਿੰਗੇ ਹੋਟਲਾਂ, ਪੈਲੇਸਾਂ 'ਚ ਅਮੀਰ ਲੋਕ ਆਪਣੇ ਧੀਆਂ-ਪੁੱਤਾਂ ਦੇ ਵਿਆਹਾਂ ਵੇਲੇ ਲੱਖਾਂ ਰੁਪਏ ਮਹਿੰਗੀਆਂ ਕਾਰਾਂ, ਮੀਟ-ਸ਼ਰਾਬਾਂ, ਗਾਇਕਾਂ, ਸਜਾਵਟਾਂ ਆਦਿ ਉੱਪਰ ਪਾਣੀ ਵਾਂਗ ਰੋੜ੍ਹਦੇ ਹਨ ਤਾਂ ਜਿਥੇ ਆਮ ਵਿਅਕਤੀ ਹੀਣ-ਭਾਵਨਾ ਦਾ ਸ਼ਿਕਾਰ ਹੁੰਦੈ, ਦਾਜ ਜਿਹੀ ਸਮਾਜਿਕ ਬੁਰਾਈ ਹੋਰ ਵੀ ਪਨਪਦੀ ਹੈ, ਉਥੇ ਹੀ ਦੇਖਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਦੀਆਂ ਇਛਾਵਾਂ ਅਤੇ ਲੋਭ-ਲਾਲਚਾਂ ਵਿਚ ਨਾ ਪੂਰਾ ਹੋ ਸਕਣ ਵਾਲਾ ਵਾਧਾ ਵੀ ਹੁੰਦਾ ਹੈ | ਲੜਕੇ-ਲੜਕੀਆਂ ਹਮੇਸ਼ਾ ਯਾਦ ਰੱਖਣ ਕਿ ਸਿਰਫ਼ ਰੁਪਿਆ-ਪੈਸਾ, ਅਮੀਰੀ ਬਾਹਰੀ ਸੁਹਜ ਹੀ ਸਭ ਕੁਝ ਨਹੀਂ, ਜੇ ਤੁਹਾਡਾ ਜੀਵਨ ਸਾਥੀ ਤੁਹਾਡੀ ਸੋਚ ਮੁਤਾਬਿਕ ਖਰਾ ਮਿਲ ਜਾਵੇ ਤਾਂ ਤੁਹਾਡਾ ਜੀਵਨ ਖੁਸ਼ੀਆਂ ਦੀ ਗਾਰੰਟੀ ਵਾਂਗ ਹੋਵੇਗਾ |
• ਜੀਵਨ ਸਾਥੀ ਬਾਰੇ ਸਹੀ ਜਾਣਕਾਰੀ ਲੈਣ ਲਈ ਆਪਣੇ ਭਰੋਸੇਯੋਗ ਰਿਸ਼ਤੇਦਾਰਾਂ, ਦੋਸਤਾਂ ਨਾਲ ਸੰਪਰਕ ਕਰੋ | ਨਿਰ੍ਹਾ-ਪੁਰਾ ਮੈਰਿਜ ਬਿਊਰੋ, ਵਿਆਹ ਸੰਬੰਧਿਤ ਇਸ਼ਤਿਹਾਰਾਂ ਦੇ ਵਿਖਾਏ ਗਏ ਸਬਜ਼ਬਾਗਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ | • ਵਰ ਦੀ ਸ਼ਖ਼ਸੀਅਤ, ਵਿੱਦਿਅਕ ਯੋਗਤਾ, ਵਿਚਾਰਧਾਰਾ ਦੀ ਚੰਗੀ ਤਰ੍ਹਾਂ ਪਛਾਣ ਕਰ ਲਵੋ | • ਅਜਿਹੇ ਵਿਅਕਤੀ ਨੂੰ ਜੀਵਨ ਸਾਥੀ ਚੁਣੋ, ਜੋ ਕਿ ਤੁਹਾਡੇ, ਤੁਹਾਡੇ ਮਾਪਿਆਂ ਦੇ ਵਿਚਾਰਾਂ ਦਾ ਮਾਣ-ਸਨਮਾਨ ਕਰਨ ਵਾਲਾ ਹੋਵੇ | • ਇਹ ਵੀ ਡਾਢਾ ਮਹੱਤਵਪੂਰਨ ਹੈ ਕਿ ਹੋਣ ਵਾਲਾ ਜੀਵਨ-ਸਾਥੀ ਨਸ਼ੇ ਤੋਂ ਰਹਿਤ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਹੋਵੇ |
ਮੁੱਕਦੀ ਗੱਲ ਹੈ ਕਿ ਉਸ ਦੀ ਅਮੀਰੀ-ਗਰੀਬੀ, ਬਾਹਰੀ ਚਕਾਚੌਂਧ, ਆਕਰਸ਼ਣ ਦੇਖਣ ਦੀ ਬਜਾਏ ਉਸ ਦੇ ਅੰਦਰੂਨੀ ਗੁਣ, ਸੁਭਾਅ ਵੇਖੇ-ਪਰਖੇ ਜਾਣ ਤਾਂ ਜੋ ਵਿਆਹ ਉਪਰੰਤ ਤੁਹਾਡੇ ਗ੍ਰਹਿਸਥੀ ਜੀਵਨ 'ਚ ਖੁਸ਼ੀਆਂ-ਖੇੜੇ ਆਪ-ਮੁਹਾਰੇ ਹੀ ਰਲਗਡ ਹੁੰਦੇ ਜਾਣ |
-ਬਿ੍ਸਬੇਨ (ਆਸਟ੍ਰੇਲੀਆ) ਮੋਬਾਈਲ : +61415049120