25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

'ਨਿੰਦਾ ਭਲੀ ਕਿਸੈ ਕੀ ਨਾਹੀ'

'ਨਿੰਦਾ ਭਲੀ ਕਿਸੈ ਕੀ ਨਾਹੀ'

Ad Position 21
No active advertisement
ਅਜੀਤ ਡੈਸਕ 26-11-2026

ਨਿੰਦਿਆ ਦਾ, ਬੁਰਾਈ ਦਾ ਅੰਤ ਕਿੱਡਾ ਕੁ ਹੋ ਸਕਦਾ ਹੈ | ਮੇਰੇ ਖਿਆਲ ਨਾਲ ਸਿਫਰ | ਜੇਕਰ ਤੁਸੀਂ ਇਕ ਵਾਰ ਕਿਸੇ ਨੂੰ ਆਪਣੀ ਨਿੰਦਿਆ ਕਰਦੇ ਸੁਣ ਲਿਆ ਅਤੇ ਜੇਕਰ ਹਜ਼ਾਰ ਵਾਰ ਵੀ ਸੁਣ ਲਵੋਗੇ ਤਾਂ ਉਹ ਬਰਾਬਰ ਹੈ | ਉਸ ਇਨਸਾਨ ਨੇ ਜੋ ਤੁਹਾਡੇ ਬਾਰੇ ਨਜ਼ਰੀਆ ਘੜਣਾ ਸੀ ਉਹ ਘੜ ਚੁੱਕਿਆ ਹੈ ਸ਼ਾਇਦ ਤਾਉਮਰ ਉਹ ਤੁਹਾਨੂੰ ਉਸੇ ਨਜ਼ਰੀਏ ਨਾਲ ਹੀ ਵੇਖੇਗਾ | ਬਹੁਤ ਘੱਟ ਮੌਕੇ ਹੁੰਦੇ ਹਨ ਕਿ ਕੋਈ ਗ਼ਲਤੀ ਮੰਨ ਇਹ ਕਹਿ ਦੇਵੇ ਭਾਈ ਮਾਫ ਕਰੀਂ ਮੈਂ ਤਾਂ ਤੇਰੇ ਬਾਰੇ ਐਂਵੇ ਹੀ ਗਲਤ ਸੋਚਦਾ ਰਿਹਾ, ਪਰ ਗਲਤੀ ਮੰਨਣੀ ਇਹ ਨਿਮਰਤਾ ਦਾ ਗੁਣ ਹੈ | ਨਿੰਦਕ ਬੰਦਾ ਕਦੇ ਨਿਮਰਤਾ 'ਚ ਨਹੀ ਆ ਸਕਦਾ | ਨਿੰਦਿਆ ਔਲਾਦ ਹੀ ਹੰਕਾਰ ਦੀ ਹੈ | ਜਦੋਂ ਤੁਸੀਂ ਕਿਸੇ ਦੇ ਹੰਕਾਰ ਨੂੰ ਸੱਟ ਮਾਰਦੇ ਹੋ ਤਾਂ ਫਿਰ ਨਿੰਦਿਆ ਜਨਮ ਲੈਂਦੀ ਹੈ | ਨਿੰਦਕ ਆਪਣੀ ਹਊਮੈ ਨੂੰ ਪਾਣੀ ਦੇਣ ਦਾ ਕੰਮ ਨਿੰਦਿਆ ਤੋਂ ਲੈਂਦੇ ਹਨ | ਨਿੰਦਕ ਬੰਦਾ ਦੂਸਰਿਆਂ ਦੀ ਨਿੰਦਿਆ ਕਰਕੇ ਆਪਣੀ ਰੂਹ ਨੂੰ ਸ਼ਾਂਤ ਕਰ ਲੈਂਦਾ ਪਰ ਸੱਚ ਇਹ ਹੁੰਦਾ ਕਿ ਉਹ ਤਾਂ ਖੁਦ ਜਲ ਰਿਹਾ ਹੁੰਦਾ ਈਰਖਾ, ਦਵੈਸ਼, ਹੰਕਾਰ ਦੇ ਜਵਾਹਰਭਾਟੇ ਵਿਚ | ਉਹ ਕਦੇ ਸ਼ਾਤ ਨਹੀਂ ਹੋ ਸਕਦਾ, ਉਸ ਦੀ ਚੜ੍ਹਦੀ ਸਵੇਰ ਅਤੇ ਰਾਤ ਦੀ ਆਖਰੀ ਗੱਲ ਵਿਚ ਕਿਸੇ ਦੀ ਬੁਰਾਈ ਹੀ ਛੁਪੀ ਹੁੰਦੀ | ਨਿੰਦਕ ਬੰਦੇ ਦਾ ਹਾਲ ਇਕ ਭਟਕਦੀ ਰੂਹ ਵਰਗਾ ਹੁੰਦਾ, ਜਿਸ ਨੂੰ ਕਿਧਰੇ ਵੀ ਸ਼ਾਂਤੀ ਨਹੀਂ ਮਿਲਦੀ  | ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ, ਗੱਲਾਂ ਕਰਦੇ ਹੋ ਤਾਂ ਤੁਹਾਡੀਆਂ ਗੱਲਾਂ ਦਾ ਵਿਸ਼ਾ ਕੀ ਹੈ? ਤੁਸੀਂ ਲੋਕਾਂ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ, ਕੀ ਤੁਸੀਂ ਕਿਸੇ ਤੋਂ ਹੱਦ ਤੋਂ ਵੱਧ ਪ੍ਰਭਾਵਿਤ ਹੋ ਰਹੇ ਹੋ ਜਾਂ ਤੁਹਾਨੂੰ ਹਰ ਇਕ ਵਿਚ ਕੋਈ ਨਾ ਕੋਈ ਬੁਰਾਈ ਹੀ ਦਿਸ ਰਹੀ ਹੈ, ਇਸ ਸਭ ਤੋਂ ਤੁਹਾਡੀ ਸ਼ਖ਼ਸੀਅਤ ਦਾ, ਵਿਵਹਾਰ ਦਾ, ਸੋਚ ਦਾ ਬਹੁਤ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਨਿੰਦਿਆ ਸਿਰਫ਼ ਕਿਸੇ ਦੀ ਪਿੱਠ ਪਿੱਛੇ ਕੀਤੀ ਗਈ ਗੱਲਬਾਤ ਜਾਂ ਅੱਖਰਾਂ ਦਾ ਫੇਰ-ਬਦਲ ਨਹੀਂ ਹੈ, ਬਲਕਿ ਇਹ ਮਨੁੱਖੀ ਮਨ ਦੇ ਅੰਦਰਲੇ ਅਧੂਰੇਪਨ ਅਤੇ ਅਸੁਰੱਖਿਆ ਦੀ ਇਕ ਡੂੰਘੀ ਦਾਰਸ਼ਨਿਕ ਝਲਕ ਹੈ | ਮਨੋਵਿਗਿਆਨਕ ਦਿ੍ਸ਼ਟੀ ਤੋਂ, ਜਦੋਂ ਕੋਈ ਵਿਅਕਤੀ ਦੂਜੇ ਦੀ ਨਿੰਦਿਆ ਕਰਦਾ ਹੈ, ਤਾਂ ਉਹ ਅਸਲ ਵਿਚ ਦੂਜੇ ਦੇ ਚਰਿੱਤਰ ਦੀ ਨਹੀਂ, ਬਲਕਿ ਆਪਣੇ ਹੀ ਮਨ ਦੀ ਅਸ਼ਾਂਤੀ ਅਤੇ ਈਰਖਾ ਦੀ ਨੁਮਾਇਸ਼ ਕਰ ਰਿਹਾ ਹੁੰਦਾ ਹੈ | ਇਹ ਆਪਣੀਆਂ ਕਮੀਆਂ ਨੂੰ ਛੁਪਾਉਣ ਅਤੇ ਖੁਦ ਨੂੰ ਮਨੋਵਿਗਿਆਨਕ ਤੌਰ 'ਤੇ ਉੱਪਰ ਚੁੱਕਣ ਦਾ ਇਕ ਭਰਮ-ਭਰਿਆ ਸਹਾਰਾ ਹੈ | ਸਾਹਿਤਕ ਅਤੇ ਅਧਿਆਤਮਿਕ ਨਜ਼ਰੀਏ ਤੋਂ ਨਿੰਦਿਆ ਉਸ ਧੁੰਦ ਵਰਗੀ ਹੈ, ਜੋ ਨਿੰਦਕ ਦੀ ਆਪਣੀ ਹੀ ਆਤਮਾ ਦੇ ਆਈਨੇ ਨੂੰ ਧੁੰਦਲਾ ਕਰ ਦਿੰਦੀ ਹੈ, ਜਿਸ ਨਾਲ ਉਹ ਜ਼ਿੰਦਗੀ ਦੇ ਸੱਚ ਅਤੇ ਖ਼ੂਬਸੂਰਤੀ ਨੂੰ ਦੇਖਣ ਤੋਂ ਵਾਂਝਾ ਰਹਿ ਜਾਂਦਾ ਹੈ | ਇਹ ਦੂਜੇ ਨੂੰ ਨੀਵਾਂ ਦਿਖਾਉਣ ਦੀ ਇਕ ਅਜਿਹੀ ਅਸਫ਼ਲ ਕੋਸ਼ਿਸ਼ ਹੈ, ਜਿਸ ਵਿਚ ਇਨਸਾਨ ਖੁਦ ਆਪਣੇ ਹੀ ਨੈਤਿਕ ਮਿਆਰਾਂ ਤੋਂ ਗਿਰ ਜਾਂਦਾ ਹੈ | ਪਰਾਈ ਨਿੰਦਿਆ ਅਸਲ ਵਿਚ ਆਪਣੇ-ਆਪ ਨਾਲ ਲੜੀ ਜਾ ਰਹੀ ਇਕ ਅੰਦਰੂਨੀ ਜੰਗ ਦਾ ਬਾਹਰੀ ਪ੍ਰਗਟਾਵਾ ਹੈ |

ਨਿੰਦਿਆ ਕਿਸੇ ਦੂਸਰੇ ਵਿਅਕਤੀ ਦਾ ਲੇਖਾ-ਜੋਖਾ ਨਹੀਂ, ਬਲਕਿ ਨਿੰਦਕ ਦੇ ਆਪਣੇ ਹੀ ਅੰਦਰਲੇ ਖਾਲੀਪਨ ਦਾ ਹੋਕਾ ਹੈ | ਜਦੋਂ ਅਸੀਂ ਕਿਸੇ ਦੀ ਸ਼ਖ਼ਸੀਅਤ 'ਤੇ ਉਂਗਲ ਉਠਾਉਂਦੇ ਹਾਂ, ਤਾਂ ਬਾਕੀ ਦੀਆਂ ਉਂਗਲਾਂ ਸਾਡੇ ਆਪਣੇ ਹੀ ਕਿਰਦਾਰ ਵੱਲ ਮੁੜ ਰਹੀਆਂ ਹੁੰਦੀਆਂ ਹਨ | ਸੱਚ ਇਹੀ ਹੈ ਕਿ ਨਿੰਦਿਆ ਦੀ ਅੱਗ ਪਹਿਲਾਂ ਉਸੇ ਜੰਗਲ ਨੂੰ ਸੁਆਹ ਕਰਦੀ ਹੈ, ਜਿਸ ਵਿਚੋਂ ਇਹ ਪੈਦਾ ਹੁੰਦੀ ਹੈ | ਜ਼ਿੰਦਗੀ ਦਾ ਅਸਲ ਸੁਹਜ ਅਤੇ ਮਨੋਵਿਗਿਆਨਕ ਮੁਕਤੀ ਦੂਜਿਆਂ ਦੀਆਂ ਕਮੀਆਂ ਫਰੋਲਣ ਵਿਚ ਨਹੀਂ, ਬਲਕਿ ਆਪਣੇ ਅੰਦਰ ਝਾਤੀ ਮਾਰ ਕੇ ਖੁਦ ਨੂੰ ਸੰਵਾਰਨ ਵਿਚ ਹੈ, ਜਿਸ ਦਿਨ ਮਨੁੱਖ ਪਰਾਈ ਆਲੋਚਨਾ ਦੇ ਇਸ ਹਨੇਰੇ ਰਸਤੇ ਨੂੰ ਛੱਡ ਕੇ ਸਵੈ-ਪੜਚੋਲ ਦੀ ਰੌਸ਼ਨੀ ਵੱਲ ਤੁਰ ਪੈਂਦਾ ਹੈ, ਉਸ ਦਿਨ ਉਸ ਦੀ ਆਤਮਾ ਸੁਤੰਤਰ ਹੋ ਜਾਂਦੀ ਹੈ ਅਤੇ ਸਮਾਜ ਵਿਚ ਸ਼ਬਦਾਂ ਦੀ ਨਹੀਂ, ਬਲਕਿ ਅਹਿਸਾਸਾਂ ਦੀ ਖ਼ੂਬਸੂਰਤੀ ਮਹਿਕਣ ਲੱਗਦੀ ਹੈ |
ਇਸ ਲਈ ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਇਹ ਸੋਚੀਏ ਕਿ ਮੈਂ ਜੋ ਕਹਿ ਰਿਹਾ ਹਾਂ, ਇਹ ਕਿਸ ਮਨਸ਼ਾ ਨਾਲ ਕਹਿ ਰਿਹਾਂ, ਇਸ ਲਈ ਕਿਉਂਕਿ ਉਹ ਸੱਚਮੁੱਚ ਬੁਰਾ ਹੈ? ਇਸ ਲਈ ਕਿਉਂਕਿ ਉਹ ਮੈਨੂੰ ਪਸੰਦ ਨਹੀਂ? ਜਾਂ ਇਸ ਲਈ ਕਿਉਂਕਿ ਉਸ ਦੀ ਸ਼ਖ਼ਸੀਅਤ ਤੁਹਾਡੀ ਸ਼ਖ਼ਸੀਅਤ 'ਤੇ ਭਾਰੂ ਪੈ ਰਹੀ ਹੈ? ਜੇਕਰ ਇਨ੍ਹਾਂ ਵਿਚੋਂ ਕੋਈ ਵੀ ਉੱਤਰ ਆਉਂਦਾ ਤਾਂ ਉਸੇ ਵੇਲੇ ਰੁਕ ਜਾਈਏ, ਕਿਉਂਕਿ ਗੁਰੂ ਸਾਹਿਬ ਫਰਮਾਉਂਦੇ ਹਨ 'ਨਿੰਦਾ ਭਲੀ ਕਿਸੈ ਕੀ ਨਾਹੀ¨' 

-ਮੋਬਾਈਲ : 83608-75418

Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਵਿਚ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਸਹੀ ਜੀਵਨ ਸਾਥੀ ਦੀ ਚੋਣ
Ad Position 24