10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਵਫ਼ਾਦਾਰੀ ਜਿੱਤਦੀ ਹੈ ਦਿਲ

ਵਫ਼ਾਦਾਰੀ ਜਿੱਤਦੀ ਹੈ ਦਿਲ

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

 

ਚਿਹਰੇ ਦੀ ਚਮਕ ਅੱਖਾਂ ਨੂੰ ਮੋਹ ਸਕਦੀ ਹੈ, ਪਰ ਮਨ ਦੀ ਰੌਸ਼ਨੀ ਦਿਲਾਂ ਨੂੰ ਜਿੱਤਦੀ ਹੈ | ਇਸੇ ਲਈ ਕਿਹਾ ਜਾਂਦਾ ਹੈ ਕਿ 'ਵਫ਼ਾਦਾਰ ਹੋਣਾ, ਸੋਹਣਾ ਹੋਣ ਨਾਲੋਂ ਕਿਤੇ ਵੱਧ ਸੋਹਣਾ ਹੁੰਦਾ ਹੈ |' ਮਨੁੱਖ ਦੀ ਅਸਲ ਪਛਾਣ ਉਸ ਦੇ ਨਕਸ਼-ਨਕੂਸ਼ ਨਹੀਂ, ਸਗੋਂ ਉਸ ਦੇ ਸੁਭਾਅ, ਉਸ ਦੇ ਕਿਰਦਾਰ ਅਤੇ ਉਸ ਦੀ ਵਫ਼ਾਦਾਰੀ ਵਿਚ ਲੁਕੀ ਹੁੰਦੀ ਹੈ |  ਖੂਬਸੂਰਤ ਹੋਣਾ, ਗੁਣਵਾਨ ਹੋਣ ਦੀ ਗਾਰੰਟੀ ਨਹੀਂ | ਸੁੰਦਰਤਾ ਕਦੇ ਵੀ ਪ੍ਰਤਿਭਾ, ਸਿਆਣਪ ਜਾਂ ਇਨਸਾਨੀਅਤ ਦਾ ਮਾਪਦੰਡ ਨਹੀਂ ਬਣ ਸਕਦੀ | ਹਾਂ, ਜੇਕਰ ਖੂਬਸੂਰਤੀ ਦੇ ਨਾਲ ਨਿਮਰਤਾ, ਵਫ਼ਾਦਾਰੀ ਅਤੇ ਚੰਗਾ ਕਿਰਦਾਰ ਵੀ ਹੋਵੇ ਤਾਂ ਅਜਿਹੀ ਸ਼ਖ਼ਸੀਅਤ ਸੱਚਮੁੱਚ ਚਾਰ ਚੰਨ ਲਾ ਦਿੰਦੀ ਹੈ | ਜ਼ਿੰਦਗੀ ਦਾ ਸਭ ਤੋਂ ਵੱਡਾ ਰੰਗਮੰਚ ਸਕੂਲ ਤੋਂ ਸ਼ੁਰੂ ਹੁੰਦਾ ਹੈ | ਇਕ ਅਧਿਆਪਕ ਆਪਣੇ ਵਿਦਿਆਰਥੀ ਦੇ ਚਿਹਰੇ ਨੂੰ ਨਹੀਂ, ਉਸ ਦੇ ਸੁਭਾਅ ਨੂੰ ਪੜ੍ਹਦਾ ਹੈ | ਉਸ ਲਈ ਸੁੰਦਰ ਵਿਦਿਆਰਥੀ ਨਹੀਂ, ਸਗੋਂ ਇਮਾਨਦਾਰ, ਮਿਹਨਤੀ ਅਤੇ ਵਫ਼ਾਦਾਰ ਵਿਦਿਆਰਥੀ ਜ਼ਿਆਦਾ ਪਿਆਰਾ ਹੁੰਦਾ ਹੈ | ਚਿਹਰੇ ਦੀ ਸੁੰਦਰਤਾ ਕਲਾਸ ਰੂਮ ਵਿਚ ਕੁਝ ਪਲਾਂ ਦਾ ਪ੍ਰਭਾਵ ਛੱਡ ਸਕਦੀ ਹੈ, ਪਰ ਵਫ਼ਾਦਾਰੀ ਅਤੇ ਚੰਗੇ ਸੰਸਕਾਰ ਪੂਰੀ ਜ਼ਿੰਦਗੀ ਦੀ ਪਛਾਣ ਬਣ ਜਾਂਦੇ ਹਨ | ਕਲਾਤਮਕਤਾ ਵੀ ਉੱਥੇ ਹੀ ਜਨਮ ਲੈਂਦੀ ਹੈ, ਜਿੱਥੇ ਅੰਦਰ ਸੱਚਾਈ ਅਤੇ ਸਮਰਪਣ ਹੋਵੇ | 
ਮਾਪੇ ਆਪਣੇ ਬੱਚਿਆਂ ਨੂੰ ਸਭ ਤੋਂ ਵੱਡੀ ਦੌਲਤ ਸੰਸਕਾਰਾਂ ਦੇ ਰੂਪ ਵਿਚ ਦਿੰਦੇ ਹਨ | ਜੇ ਬਚਪਨ ਤੋਂ ਬੱਚੇ ਨੂੰ ਇਹ ਸਿਖਾਇਆ ਜਾਵੇ ਕਿ ਸੱਚਾਈ, ਮਿਹਨਤ ਅਤੇ ਵਫ਼ਾਦਾਰੀ ਹੀ ਅਸਲ ਗਹਿਣੇ ਹਨ, ਤਾਂ ਉਹ ਜ਼ਿੰਦਗੀ ਦੇ ਹਰ ਮੋੜ 'ਤੇ ਕਾਮਯਾਬੀ ਦਾ ਰਾਹ ਲੱਭ ਲੈਂਦਾ ਹੈ | ਆਦਤਾਂ ਘਰ ਤੋਂ ਜਨਮ ਲੈਂਦੀਆਂ ਹਨ ਅਤੇ ਕਿਰਦਾਰ ਵੀ ਘਰ ਦੀ ਗੋਦ ਵਿਚ ਹੀ ਬਣਦਾ ਹੈ | ਮਨੋਰੰਜਨ ਦੀ ਦੁਨੀਆ ਇਸ ਸੱਚਾਈ ਦੀ ਸਭ ਤੋਂ ਵੱਡੀ ਮਿਸਾਲ ਹੈ | ਬਹੁਤ ਸਾਰੇ ਕਲਾਕਾਰ ਆਪਣੀ ਸੁੰਦਰਤਾ ਨੂੰ ਹੀ ਆਪਣੀ ਸਭ ਤੋਂ ਵੱਡੀ ਤਾਕਤ ਸਮਝ ਬੈਠਦੇ ਹਨ | ਉਨ੍ਹਾਂ ਨੂੰ ਲੱਗਦਾ ਹੈ ਕਿ ਦਰਸ਼ਕ ਉਨ੍ਹਾਂ ਦੇ ਰੂਪ ਕਰਕੇ ਹਨ, ਨਾ ਕਿ ਉਨ੍ਹਾਂ ਦੀ ਕਲਾ ਕਰਕੇ |  ਉਹ ਜਾਣਦੇ ਹਨ ਕਿ ਰੂਪ ਸਮੇਂ ਦੀ ਅਮਾਨਤ ਹੈ, ਪਰ ਕਲਾ ਅਤੇ ਵਫ਼ਾਦਾਰੀ ਸਦੀਵੀ ਵਿਰਾਸਤ ਹਨ | ਕਈ ਵਾਰ ਸੁੰਦਰਤਾ ਦਾ ਭਰਮ ਮਨੁੱਖ ਨੂੰ ਆਪਣੀਆਂ ਸੀਮਾਵਾਂ ਤੋਂ ਅਣਜਾਣ ਕਰ ਦਿੰਦਾ ਹੈ | ਉਹ ਆਪਣੇ ਸਾਥੀਆਂ, ਆਪਣੇ ਮਾਰਗਦਰਸ਼ਕਾਂ ਅਤੇ ਆਪਣੇ ਮੌਕਿਆਂ ਦੀ ਕਦਰ ਕਰਨੀ ਭੁੱਲ ਜਾਂਦਾ ਹੈ | ਉਸ ਨੂੰ ਲੱਗਦਾ ਹੈ ਕਿ ਦੁਨੀਆ ਉਸ ਦੇ ਆਲੇ-ਦੁਆਲੇ ਘੁੰਮ ਰਹੀ ਹੈ | ਇਹੀ ਵਹਿਮ ਉਸ ਦੀ ਤਰੱਕੀ ਦੇ ਰਸਤੇ ਵਿਚ ਸਭ ਤੋਂ ਵੱਡੀ ਰੁਕਾਵਟ ਬਣ ਜਾਂਦਾ ਹੈ | ਜਿੱਥੇ ਅਹੰਕਾਰ ਵਸਦਾ ਹੈ, ਉੱਥੇ ਸਿੱਖਣ ਦੀ ਭੁੱਖ ਮਰ ਜਾਂਦੀ ਹੈ; ਪਰ ਜਿੱਥੇ ਵਫ਼ਾਦਾਰੀ ਵੱਸਦੀ ਹੈ, ਉੱਥੇ ਸਫ਼ਲਤਾ ਖ਼ੁਦ ਕਦਮ ਚੁੰਮਦੀ ਹੈ | ਹਰ ਖੇਤਰ ਵਿਚ ਕਾਮਯਾਬੀ ਦਾ ਅਸਲ ਆਧਾਰ ਪ੍ਰਤਿਭਾ ਨਾਲੋਂ ਵੱਧ ਵਫ਼ਾਦਾਰੀ ਹੁੰਦੀ ਹੈ | ਜੋ ਆਪਣੇ ਸਾਥੀਆਂ, ਆਪਣੀ ਟੀਮ ਅਤੇ ਆਪਣੇ ਕਿੱਤੇ ਨਾਲ ਸੱਚੇ ਦਿਲੋਂ ਜੁੜਿਆ ਰਹਿੰਦਾ ਹੈ, ਉਹ ਦੇਰ-ਸਵੇਰ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚਦਾ ਹੈ | ਵਫ਼ਾਦਾਰੀ ਦਾ ਮੁੱਲ ਹਰ ਲੰਘਦੇ ਸਾਲ ਨਾਲ ਵਧਦਾ ਜਾਂਦਾ ਹੈ | ਇਹ ਉਹ ਪੂੰਜੀ ਹੈ, ਜਿਸ ਨੂੰ ਨਾ ਸਮਾਂ ਚੁਰਾ ਸਕਦਾ ਹੈ ਅਤੇ ਨਾ ਹੀ ਬਾਜ਼ਾਰ ਖਰੀਦ ਸਕਦਾ ਹੈ | ਇਸ ਲਈ ਸੁੰਦਰ ਬਣੋ, ਪਰ ਉਸ ਤੋਂ ਵੀ ਵੱਧ ਸੁੰਦਰ ਆਪਣਾ ਮਨ ਬਣਾਓ | ਆਪਣੇ ਚਿਹਰੇ ਨੂੰ ਸਜਾਉਣ ਦੇ ਨਾਲ-ਨਾਲ ਆਪਣੇ ਕਿਰਦਾਰ ਨੂੰ ਵੀ ਸੰਵਾਰੋ | ਆਪਣੇ ਹੁਸਨ 'ਤੇ ਨਹੀਂ, ਆਪਣੇ ਵਿਸ਼ਵਾਸ, ਸੱਚ ਅਤੇ ਆਪਣੀ ਵਫ਼ਾਦਾਰੀ 'ਤੇ ਮਾਣ ਕਰੋ, ਕਿਉਂਕਿ ਚਿਹਰੇ ਦੀ ਚਮਕ ਇਕ ਦਿਨ ਢਲ ਜਾਂਦੀ ਹੈ, ਪਰ ਚੰਗੇ ਕਿਰਦਾਰ ਦੀ ਰੌਸ਼ਨੀ ਪੀੜ੍ਹੀਆਂ ਤੱਕ ਰਸਤਾ ਦਿਖਾਉਂਦੀ ਰਹਿੰਦੀ ਹੈ | ਅੰਤ ਵਿਚ ਸੱਚ ਸਿਰਫ਼ ਇਹੀ ਹੈ ਕਿ ਸੁੰਦਰਤਾ ਅੱਖਾਂ ਨੂੰ ਮੋਹਦੀ ਹੈ, ਪਰ ਵਫ਼ਾਦਾਰੀ ਰੂਹਾਂ ਨੂੰ ਜੋੜਦੀ ਹੈ | ਰੂਪ ਦਾ ਮੁੱਲ ਸਮਾਂ ਤੈਅ ਕਰਦਾ ਹੈ, ਪਰ ਵਫ਼ਾਦਾਰੀ ਦਾ ਮੁੱਲ ਇਤਿਹਾਸ ਲਿਖਦਾ ਹੈ | ਇਸੇ ਲਈ ਤਾਂ ਆਖਿਆ ਜਾਂਦਾ ਹੈ ਵਫ਼ਾਦਾਰ ਹੋਣਾ, ਸੋਹਣਾ ਹੋਣ ਨਾਲੋਂ ਕਿਤੇ ਵੱਧ ਖੂਬਸੂਰਤ ਹੁੰਦਾ ਹੈ | 
-ਪ੍ਰਤੀਨਿਧ ਵੈੱਬ ਟੀ.ਵੀ, ਸਬ ਆਫਿਸ ਜਗਰਾਉਂ
ਮੋਬਾ: 98764-92410

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਅਦਾਲਤ ਵਲੋਂ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਪੰਜ ਕਰੋੜ ਰਿਸ਼ਵਤ ਮਾਮਲੇ ’ਚ ਵੱਡੀ ਰਾਹਤ ਅਗਲੀ ਖ਼ਬਰ ਗੁਲਜ਼ਾਰ ਸਿੰਘ ਦੀ ਮੌਤ ’ਤੇ ਕਾਂਗਰਸ ਅਤੇ ‘ਆਪ’ ’ਚ ਤਿੱਖੀ ਸ਼ਬਦੀ ਜੰਗ
Ad Position 24