ਭਾਰਤ ਦੀ ਨਾਰੀ ਸ਼ਕਤੀ ਨੇ ਇਕ ਵਾਰ ਫਿਰ ਇਤਿਹਾਸ ਦੇ ਪੰਨਿਆਂ 'ਤੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ | ਭਾਰਤੀ ਹਵਾਈ ਸੈਨਾ ਦੀ ਸਿੱਖਿਆ ਸ਼ਾਖਾ ਨਾਲ ਸੰਬੰਧਿਤ ਏਅਰ ਵਾਈਸ ਮਾਰਸ਼ਲ ਸ਼ਕਤੀ ਸ਼ਰਮਾ ਨੇ ਭਾਰਤੀ ਰੱਖਿਆ ਸੇਵਾਵਾਂ ਵਿਚ ਗ਼ੈਰ-ਮੈਡੀਕਲ ਸ਼ਾਖਾ ਤੋਂ ਇਸ ਉੱਚੇ ਦੋ-ਸਟਾਰ ਰੈਂਕ ਤੱਕ ਪਹੁੰਚਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਦੇਸ਼ ਦਾ ਮਾਣ ਵਧਾਇਆ ਹੈ | ਉਨ੍ਹਾਂ ਦੀ ਇਹ ਪ੍ਰਾਪਤੀ ਸਿਰਫ਼ ਇਕ ਤਰੱਕੀ ਹੀ ਨਹੀਂ, ਸਗੋਂ ਭਾਰਤੀ ਮਹਿਲਾਵਾਂ ਦੀ ਯੋਗਤਾ, ਸਮਰੱਥਾ, ਅਨੁਸ਼ਾਸਨ ਅਤੇ ਅਗਵਾਈ ਦੀ ਸ਼ਕਤੀਸ਼ਾਲੀ ਪ੍ਰਤੀਕ ਹੈ |

1 ਸਤੰਬਰ, 2026 ਨੂੰ ਏਅਰ ਵਾਈਸ ਮਾਰਸ਼ਲ ਸ਼ਕਤੀ ਸ਼ਰਮਾ ਨੇ ਏਅਰ ਹੈੱਡਕੁਆਰਟਰ ਵਿਖੇ ਅਸਿਸਟੈਂਟ ਚੀਫ਼ ਆਫ਼ ਦਾ ਏਅਰ ਸਟਾਫ਼ (ਐਜੂਕੇਸ਼ਨ) ਵਜੋਂ ਜ਼ਿੰਮੇਵਾਰੀ ਸੰਭਾਲੀ | ਇਸ ਦੇ ਨਾਲ ਹੀ ਉਹ ਭਾਰਤੀ ਹਵਾਈ ਸੈਨਾ ਵਿਚ ਸਿੱਖਿਆ ਅਤੇ ਮਨੁੱਖੀ ਸਰੋਤਾਂ ਨਾਲ ਜੁੜੀ ਇਕ ਮਹੱਤਵਪੂਰਨ ਉੱਚ ਪੱਧਰੀ ਜ਼ਿੰਮੇਵਾਰੀ ਸੰਭਾਲ ਰਹੇ ਹਨ | ਇਹ ਉਪਲਬੱਧੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਏਅਰ ਵਾਈਸ ਮਾਰਸ਼ਲ ਭਾਰਤੀ ਹਵਾਈ ਸੈਨਾ ਦਾ ਦੋ-ਸਟਾਰ ਰੈਂਕ ਹੈ | ਸ਼ਕਤੀ ਸ਼ਰਮਾ ਨੇ ਇਹ ਮੁਕਾਮ ਮੈਡੀਕਲ ਸ਼ਾਖਾ ਤੋਂ ਬਾਹਰ ਰਹਿੰਦਿਆਂ ਹਾਸਿਲ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਪ੍ਰਾਪਤੀ ਭਾਰਤੀ ਮਹਿਲਾ ਅਧਿਕਾਰੀਆਂ ਲਈ ਇਕ ਨਵਾਂ ਮਾਪਦੰਡ ਸਥਾਪਿਤ ਕਰਦੀ ਹੈ |
1994 ਤੋਂ ਸ਼ੁਰੂ ਹੋਇਆ ਸਫ਼ਰ, ਤਿੰਨ ਦਹਾਕਿਆਂ ਬਾਅਦ ਇਤਿਹਾਸਕ ਮੁਕਾਮ-ਸ਼ਕਤੀ ਸ਼ਰਮਾ ਨੂੰ 18 ਜੂਨ, 1994 ਨੂੰ ਭਾਰਤੀ ਹਵਾਈ ਸੈਨਾ ਦੀ ਐਜੂਕੇਸ਼ਨ ਬ੍ਰਾਂਚ ਵਿਚ ਕਮਿਸ਼ਨ ਮਿਲਿਆ ਸੀ | ਤਿੰਨ ਦਹਾਕਿਆਂ ਤੋਂ ਵੱਧ ਦੇ ਆਪਣੇ ਸੇਵਾ-ਸਫ਼ਰ ਦੌਰਾਨ ਉਨ੍ਹਾਂ ਨੇ ਸਿਖਲਾਈ ਸੰਸਥਾਵਾਂ, ਏਅਰ ਸਟੇਸ਼ਨਾਂ, ਕਮਾਂਡ ਹੈੱਡਕੁਆਰਟਰਾਂ ਅਤੇ ਏਅਰ ਹੈੱਡਕੁਆਰਟਰ ਵਿਚ ਵੱਖ-ਵੱਖ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ | ਉਨ੍ਹਾਂ ਦੇ ਕਰੀਅਰ ਦੀ ਵਿਸ਼ੇਸ਼ਤਾ ਸਿਰਫ਼ ਸੈਨਿਕ ਸੇਵਾ ਤੱਕ ਸੀਮਤ ਨਹੀਂ ਰਹੀ | ਉਨ੍ਹਾਂ ਨੇ ਰੱਖਿਆ ਸੇਵਾਵਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਦਰਮਿਆਨ ਸੰਬੰਧ ਮਜ਼ਬੂਤ ਕਰਨ ਲਈ ਵੀ ਮਹੱਤਵਪੂਰਨ ਭੂਮਿਕਾ ਨਿਭਾਈ | ਆਈ.ਆਈ.ਟੀ. ਕਾਨਪੁਰ ਅਤੇ ਪੁਣੇ ਯੂਨੀਵਰਸਿਟੀ ਵਿਚ ਆਈ.ਏ.ਐਫ. ਚੇਅਰ ਆਫ਼ ਐਕਸੀਲੈਂਸ ਸਥਾਪਿਤ ਕਰਨ ਵਿਚ ਉਨ੍ਹਾਂ ਦਾ ਯੋਗਦਾਨ ਵੀ ਵਿਲੱਖਣ ਹੈ |
ਦੇਸ਼ ਦੀਆਂ ਧੀਆਂ ਲਈ ਚਾਨਣ-ਮੁਨਾਰਾ ਸ਼ਕਤੀ ਸ਼ਰਮਾ ਦੀ ਕਹਾਣੀ ਸਿਰਫ਼ ਇਕ ਮਹਿਲਾ ਅਧਿਕਾਰੀ ਦੇ ਕਰੀਅਰ ਦੀ ਸਫ਼ਲਤਾ ਨਹੀਂ ਹੈ | ਇਹ ਉਸ ਬਦਲਾਅ ਦੀ ਤਸਵੀਰ ਹੈ ਜਿਸ ਵਿਚ ਭਾਰਤ ਦੀਆਂ ਧੀਆਂ ਸਿੱਖਿਆ, ਵਿਗਿਆਨ, ਖੇਡ, ਪ੍ਰਸ਼ਾਸਨ, ਸੁਰੱਖਿਆ ਅਤੇ ਰੱਖਿਆ ਸਮੇਤ ਹਰ ਖੇਤਰ ਵਿਚ ਅਗਵਾਈ ਦੀਆਂ ਭੂਮਿਕਾਵਾਂ ਨਿਭਾਅ ਰਹੀਆਂ ਹਨ | ਉਨ੍ਹਾਂ ਦਾ ਸਫ਼ਰ ਇਹ ਸੰਦੇਸ਼ ਦਿੰਦਾ ਹੈ ਕਿ ਮੌਕਾ, ਮਿਹਨਤ, ਯੋਗਤਾ ਅਤੇ ਲੰਮੇ ਸਮੇਂ ਦੀ ਨਿਰੰਤਰ ਸੇਵਾ ਮਿਲ ਕੇ ਉਹ ਦਰਵਾਜ਼ੇ ਖੋਲ੍ਹ ਸਕਦੇ ਹਨ, ਜਿਨ੍ਹਾਂ ਨੂੰ ਕਦੇ ਅਸੰਭਵ ਸਮਝਿਆ ਜਾਂਦਾ ਸੀ | ਅੱਜ ਭਾਰਤ ਦੀਆਂ ਧੀਆਂ ਲਈ ਇਹ ਉਪਲਬੱਧੀ ਇਕ ਪ੍ਰੇਰਕ ਸੱਦਾ ਹੈ | ਮੰਜ਼ਿਲ ਭਾਵੇਂ ਕਿੰਨੀ ਵੀ ਉੱਚੀ ਹੋਵੇ, ਦਿ੍ੜ੍ਹ ਇਰਾਦੇ ਅਤੇ ਲਗਾਤਾਰ ਮਿਹਨਤ ਨਾਲ ਉਸ ਤੱਕ ਪਹੁੰਚਿਆ ਜਾ ਸਕਦਾ ਹੈ |
ਇਕ ਰੈਂਕ ਤੋਂ ਕਿਤੇ ਵੱਡੀ ਪ੍ਰਾਪਤੀ ਏਅਰ ਵਾਈਸ ਮਾਰਸ਼ਲ ਸ਼ਕਤੀ ਸ਼ਰਮਾ ਦਾ ਇਤਿਹਾਸਕ ਮੁਕਾਮ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਮਹਿਲਾਵਾਂ ਦੀ ਵਧ ਰਹੀ ਭੂਮਿਕਾ ਅਤੇ ਸੀਨੀਅਰ ਅਗਵਾਈ ਵਿਚ ਉਨ੍ਹਾਂ ਦੀ ਮਜ਼ਬੂਤ ਹਾਜ਼ਰੀ ਦਾ ਪ੍ਰਤੀਕ ਹੈ | ਇਹ ਉਪਲਬੱਧੀ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਮਹਿਲਾ ਅਧਿਕਾਰੀਆਂ ਲਈ ਨਵੀਆਂ ਸੰਭਾਵਨਾਵਾਂ ਦਾ ਦਰਵਾਜ਼ਾ ਖੋਲ੍ਹਦੀ ਹੈ | ਏਅਰ ਵਾਈਸ ਮਾਰਸ਼ਲ ਸ਼ਕਤੀ ਸ਼ਰਮਾ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਦਿਲੋਂ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ | ਉਨ੍ਹਾਂ ਦੀ ਉਡਾਣ ਅੱਜ ਸਿਰਫ਼ ਆਕਾਸ਼ ਦੀਆਂ ਉਚਾਈਆਂ ਨੂੰ ਨਹੀਂ ਛੂਹ ਰਹੀ, ਸਗੋਂ ਦੇਸ਼ ਦੀਆਂ ਕਰੋੜਾਂ ਧੀਆਂ ਦੇ ਸੁਪਨਿਆਂ ਨੂੰ ਵੀ ਨਵੀਂ ਉਡਾਣ ਦੇ ਰਹੀ ਹੈ | ਇਹ ਸਿਰਫ਼ ਸ਼ਕਤੀ ਸ਼ਰਮਾ ਦੀ ਜਿੱਤ ਨਹੀਂ, ਇਹ ਭਾਰਤ ਦੀ ਨਾਰੀ ਸ਼ਕਤੀ ਦੀ ਜਿੱਤ ਹੈ |
-ਮੋਬਾਈਲ : 98729-78781