ਬਠਿੰਡਾ, 3 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਸੀਆਈਏ ਸਟਾਫ਼ ਬਠਿੰਡਾ ਪੁਲਿਸ ਨੇ 128 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ , ਦੀ ਪਹਿਚਾਣ ਸੰਤ ਰਾਮ ਵਾਸੀ ਪਿੰਡ ਪੱਕਾ ਕਲਾ ਵਜੋਂ ਹੋਈ ਹੈ | ਪੁਲਿਸ ਨੇ ਉਕਤ ਮੁਲਜ਼ਮ ਦੇ ਖ਼ਿਲਾਫ਼ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਸੀਆਈਏ ਸਟਾਫ਼ ਦੇ ਏ.ਐਸ.ਆਈ ਜਗਦੇਵ ਸਿੰਘ ਅਨੁਸਾਰ ਉਹ ਆਪਣੀ ਟੀਮ ਦੇ ਨਾਲ ਗਸ਼ਤ ਕਰ ਰਹੇ ਸਨ | ਇਸ ਦੌਰਾਨ ਜਦੋਂ ਉਹ ਜਲੇਬੀ ਵਾਲਾ ਚੌਂਕ ਕੋਲ ਪਹੁੰਚੇ ਤਾਂ ਉੱਥੇ ਉਨ੍ਹਾਂ ਇਕ ਸ਼ੱਕੀ ਨੌਜਵਾਨ ਨੂੰ ਦੇਖਿਆ ਤੇ ਜਦੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 128 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਉਨ੍ਹਾਂ ਵਲੋਂ ਉਕਤ ਮੁਲਜ਼ਮ ਨੂੰ ਮੌਕੇ ਤੋਂ ਹੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਮਾਮਲੇ ਸੰਬੰਧੀ ਡੀਐਸਪੀ ਸੰਦੀਪ ਭਾਟੀ ਨੇ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮ ਸੰਤ ਰਾਮ ਉੱਪਰ ਪਹਿਲਾ ਵੀ ਨਸ਼ਾ ਤਸਕਰੀ ਦੇ ਮਾਮਲੇ 'ਚ ਥਾਣਾ ਰਾਮਾਂ, ਥਾਣਾ ਸੰਗਤ ਅਤੇ ਥਾਣਾ ਨੰਦਗੜ੍ਹ 'ਚ ਤਿੰਨ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮੇ ਦਰਜ ਹਨ | ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਪਹਿਲਾ ਵੀ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ 'ਚ ਲੋੜੀਂਦਾ ਸੀ | ਡੀਐਸਪੀ ਨੇ ਕਿਹਾ ਕਿ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿ ਬਰਾਮਦ ਕੀਤੀ ਗਈ ਹੈਰੋਇਨ ਮੁਲਜ਼ਮ ਵਲੋਂ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਅਤੇ ਇਸ ਦੇ ਪਿੱਛੇ ਕੋਣ-ਕੋਣ ਲੋਕ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰਾ ਦੇ ਨੈੱਟਵਰਕ ਨੂੰ ਖੰਘਾਲਨ ਦਾ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਵੇਚਣ ਦਾ ਕਾਰੋਬਾਰ ਕਰ ਰਿਹਾ ਹੈ, ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ |