ਬਠਿੰਡਾ, 3 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਐਸ.ਸੀ. ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਸ੍ਰੀ ਗੁਰੂ ਰਵਿਦਾਸ ਮਹਾਂ ਸਭਾ ਬਠਿੰਡਾ ਦੇ ਸੀਨੀਅਰ ਆਗੂ ਜਸਵੀਰ ਸਿੰਘ ਮਹਿਰਾਜ ਨੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੁ ਰਵਿਦਾਸ ਜੀ ਦੇ ਨਾਂਅ 'ਤੇ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਵਿਕਾਸ ਪੱਖੋਂ ਹਰ ਵਰਗ ਦੀ ਬਾਂਹ ਫੜ ਰਹੀ ਹੈ, ਉੱਥੇ ਸਾਡੇ ਮਹਾਨ ਗੁਰੂ ਸਹਿਬਾਨਾਂ, ਸਾਧੂ-ਸੰਤਾਂ ਅਤੇ ਰਹਿਬਰਾਂ ਅੱਗੇ ਨਤਮਸਤਕ ਹੁੰਦੀ ਹੋਈਆਂ ਉਨ੍ਹਾਂ ਦੇ ਦਿਹਾੜੇ ਮਨਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਯਾਦਗਾਰਾਂ ਵੀ ਸਥਾਪਿਤ ਕਰ ਰਹੀ ਹੈ, ਜਿਸ ਦੇ ਉਪਰਾਲੇ ਤਹਿਤ ਆਦਮਪੁਰ (ਜਲੰਧਰ) ਦੇ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੁ ਰਵੀਦਾਸ ਮਹਾਰਾਜ ਜੀ ਦੇ ਨਾਂਅ 'ਤੇ ਰੱਖਣ ਦਾ ਇਤਿਹਾਸਕ ਫ਼ੈਸਲਾ ਕੀਤਾ ਹੈ | ਜਸਵੀਰ ਸਿੰਘ ਮਹਿਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਮੁੱਚੀ ਕੇਂਦਰ ਸਰਕਾਰ ਦੀ ਇਸ ਦੂਰ-ਅੰਦੇਸ਼ੀ ਸੋਚ ਲਈ ਪੰਜਾਬ ਭਾਜਪਾ ਦਾ ਐਸ.ਸੀ. ਮੋਰਚਾ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸ਼ੁਕਰਾਨਾ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਛੇਤੀ ਹੀ ਪੰਜਾਬ ਭਾਜਪਾ ਦੇ ਐਸ.ਸੀ. ਮੋਰਚਾ ਦੇ ਪ੍ਰਧਾਨ ਐੱਸ.ਆਰ. ਲੱਧੜ (ਸੇਵਾਮੁਕਤ ਆਈ.ਏ.ਐੱਸ.) ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ |
ਆਦਮਪੁਰ ਹਵਾਈ ਅੱਡੇ ਨੂੰ 'ਗੁਰੂ ਰਵਿਦਾਸ ਜੀ' ਹਵਾਈ ਅੱਡਾ ਬਣਾਉਣਾ ਇਤਿਹਾਸਕ ਫ਼ੈਸਲਾ- ਜਸਵੀਰ ਸਿੰਘ ਮਹਿਰਾਜ <br/>
ਅਜੀਤ ਡੈਸਕ
04-02-2026