ਸੰਗਤ ਮੰਡੀ, 3 ਫਰਵਰੀ (ਅੰਮਿ੍ਤਪਾਲ ਸ਼ਰਮਾ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਆਪਣੇ ਸਾਲਾਨਾ ਬਜਟ 'ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਅੱਖੋਂ ਪਰੋਖੇ ਕਰਕੇ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦਿੱਤਾ ਗਿਆ ਹੈ | ਇਹ ਗੱਲ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪ੍ਰਧਾਨ ਲਾਭ ਕੌਰ ਪਥਰਾਲਾ ਅਤੇ ਜਨਰਲ ਸਕੱਤਰ ਪਰਮਜੀਤ ਕੌਰ ਰੁਲਦੂ ਸਿੰਘ ਵਾਲਾ ਨੇ ਸਾਂਝੇ ਪ੍ਰੈਸ ਬਿਆਨ 'ਚ ਆਖੀ | ਉਨ੍ਹਾਂ ਕੇਂਦਰੀ ਬਜਟ ਦੀ ਸਖ਼ਤ ਨਿਖੇਧੀ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਵਲੋਂ 2018 ਤੋਂ ਬਾਅਦ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ 'ਚ 5 ਪੈਸੇ ਦਾ ਵੀ ਵਾਧਾ ਨਹੀਂ ਕੀਤਾ ਹੈ, ਆਂਗਣਵਾੜੀ ਵਰਕਰਾਂ ਨੂੰ ਸਿਰਫ਼ 4500 ਰੁਪਏ ਅਤੇ ਹੈਲਪਰਾਂ ਨੂੰ ਸਿਰਫ਼ 2250 ਰੁਪਏ ਮਿਲਦੇ ਹਨ ਪ੍ਰੰਤੂ ਮਹਿੰਗਾਈ ਦੇ ਇਸ ਯੱੁਗ 'ਚ ਏਨੇ ਨਿਗੂਣੇ ਮਾਣਭੱਤੇ ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੁਣੇ ਹੀ ਕੇਂਦਰ ਸਰਕਾਰ ਆਈ.ਸੀ.ਡੀ.ਐਸ. ਸਕੀਮ ਦੇ 50 ਸਾਲ ਪੂਰੇ ਹੋਣ 'ਤੇ ਗੋਲਡਨ ਜੁਬਲੀ ਮਨਾਏ ਜਾਣ ਦੌਰਾਨ ਸਟੇਜਾਂ ਤੋਂ ਵੱਡੀਆਂ ਗੱਲਾਂ ਕੀਤੀਆਂ ਸਨ ਪ੍ਰੰਤੂ ਕੇਂਦਰੀ ਬਜਟ 'ਚ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤਾ ਹੈ, ਜਿਸ ਕਾਰਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ |