ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ)-ਜਮਹੂਰੀ ਅਧਿਕਾਰ ਸਭਾ ਇਕਾਈ ਮੋਗਾ ਦੀ ਇਕ ਵਿਸ਼ੇਸ਼ ਮੀਟਿੰਗ ਨੇਚਰ ਪਾਰਕ ਵਿਚ ਸਰਬਜੀਤ ਸਿੰਘ ਦੌਧਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਤੂਰ ਨੇ ਦੱਸਿਆ ਕਿ ਮੀਟਿੰਗ ਵਿਚ ਪਿਛਲੇ ਦਿਨੀਂ ਕਿਸਾਨ ਜਥੇਬੰਦੀ ਵਲੋਂ ਚਾਉਕੇ ਆਦਰਸ਼ ਸਕੂਲ ਦੇ ਘੋਲ ਸਮੇਂ ਆਪਣੇ ਦੋ ਸੰਘਰਸ਼ਸ਼ੀਲ ਗਿ੍ਫ਼ਤਾਰ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਡੀ.ਸੀ. ਦਫ਼ਤਰ ਬਠਿੰਡਾ ਵਿਖੇ ਸ਼ਾਂਤਮਈ ਧਰਨਾ ਲਾਉਣ ਗਏ ਕਿਸਾਨਾਂ ਅਤੇ ਜਿਉਂਦ ਪਿੰਡ ਵਿਚ ਪੁਲਿਸੀ ਧਾੜਾਂ ਵਲੋਂ ਸ਼ਾਂਤਮਈ ਘਰਾਂ ਵਿਚ ਬੈਠੇ ਲੋਕਾਂ ਦੇ ਘਰਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਲੋਕਾਂ 'ਤੇ ਬੇਤਹਾਸ਼ਾ ਜਬਰ ਕਰਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਕ ਨੌਜਵਾਨ ਕਿਸਾਨ ਦੀਆਂ ਲੱਤਾਂ ਤੋੜਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ | ਜਮਹੂਰੀ ਅਧਿਕਾਰ ਸਭਾ ਮੋਗਾ ਦੇ ਸਰਗਰਮ ਵਰਕਰਾਂ ਸੁਖਦੇਵ ਸਿੰਘ ਰਾਊਕੇ, ਬਲਕਾਰ ਸਿੰਘ, ਵਿਜੈ ਕੁਮਾਰ, ਪ੍ਰੇਮ ਕੁਮਾਰ, ਗਜਿੰਦਰ ਸਿੰਘ ਰਿਆੜ, ਹੀਰਾ ਸਿੰਘ ਅਤੇ ਮੋਹਨ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਅਤੇ ਦੇਸ਼ ਦੀ ਕਿਸਾਨੀ ਦੇ ਹਿਤਾਂ ਨੂੰ ਦਾਅ 'ਤੇ ਲਾ ਕੇ ਕੀਤੇ ਮੋਦੀ ਟਰੰਪ ਵਪਾਰ ਸਮਝੌਤੇ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਸਮਝੌਤੇ ਨੂੰ ਮੁੱਢੋਂ ਹੀ ਰੱਦ ਕਰਨ ਦੀ ਮੰਗ ਕੀਤੀ ਹੈ |