ਸੰਗਤ ਮੰਡੀ, 24 ਫਰਵਰੀ (ਸੁਖਤੇਜ ਧਾਲੀਵਾਲ): ਪਿਛਲੇ ਦਿਨੀਂ ਥਾਣਾ ਨੰਦਗੜ੍ਹ ਦੇ ਪਿੰਡ ਰਾਏ ਕੇ ਕਲਾਂ ਵਿਖੇ ਦਾਜ ਦੀ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਵਲੋਂ ਇੱਕ ਵਿਆਹੁਤਾ ਦੇ ਹੋਏ ਕਤਲ ਮਾਮਲੇ ਵਿਚ ਦੋਸ਼ੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਮਿ੍ਤਕਾਂ ਦੇ ਵਾਰਸਾਂ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਨੰਦਗੜ੍ਹ ਵਿਖੇ ਧਰਨਾ ਦੇ ਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਪੁਲਿਸ ਵਲੋਂ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ 24 ਘੰਟਿਆਂ ਦਾ ਸਮਾਂ ਲੈਣ ਤੋਂ ਬਾਅਦ ਧਰਨਾਕਾਰੀਆਂ ਵਲੋਂ ਇੱਕ ਵਾਰ ਧਰਨੇ ਨੂੰ ਚੁੱਕ ਲਿਆ ਗਿਆ, ਪ੍ਰੰਤੂ ਧਰਨਾਕਾਰੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਪੁਲਿਸ ਵਲੋਂ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਅਣਮਿਥੇ ਸਮੇਂ ਲਈ ਥਾਣੇ ਦਾ ਘਿਰਾਓ ਕੀਤਾ ਜਾਵੇਗਾ | ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਉਗਰਾਹਾਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਜਦੋਂ ਇੱਕ ਵਿਧਵਾ ਮਾਂ ਵਲੋਂ ਆਪਣੀ ਧੀ ਦੇ ਕਾਤਲਾਂ ਦੀ ਗਿ੍ਫ਼ਤਾਰੀ ਲਈ ਥਾਣੇ ਅੱਗੇ ਧਰਨਾ ਲਗਾਕੇ ਬੈਠਣ ਲਈ ਮਜਬੂਰ ਹੋਣਾ ਪਵੇ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਦਿੱਤੇ ਗਏ ਸਮੇਂ ਤੇ ਮਿ੍ਤਕਾ ਜਸ਼ਨਦੀਪ ਕੌਰ ਦੇ ਕਾਤਲਾਂ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਇਨਸਾਫ਼ ਲੈਣ ਲਈ ਵੱਡੇ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ | ਅੱਜ ਦੇ ਇਸ ਧਰਨੇ ਨੂੰ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ, ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ, ਮਲਕੀਤ ਸਿੰਘ ਗੱਗੜ, ਜਗਸੀਰ ਸਿੰਘ ਗੱਗੜ, ਹਰਗੋਬਿੰਦ ਸਿੰਘ ਚੱਕ ਅੱਤਰ ਸਿੰਘ ਵਾਲਾ, ਖੇਤ ਮਜ਼ਦੂਰ ਸਭਾ ਦੇ ਆਗੂ ਰਾਮਪਾਲ ਸਿੰਘ ਗੱਗੜ, ਸ਼ਮਸ਼ੇਰ ਸਿੰਘ ਜੈਸਿੰਘ ਵਾਲਾ, ਕਾਲਾ ਸਿੰਘ, ਜਗਜੀਤ ਸਿੰਘ ਮਾਨ, ਰਣਜੋਧ ਸਿੰਘ ਬਾਂਡੀ, ਦੋਧੀ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਧਰਨਾਕਾਰੀ ਮੌਜੂਦ ਸਨ | ਜਦੋਂ ਇਸ ਸੰਬੰਧੀ ਥਾਣਾ ਨੰਦਗੜ੍ਹ ਦੇ ਮੁਖੀ ਹਰਜੀਵਨ ਸਿੰਘ ਨੂੰ ਉਨ੍ਹਾਂ ਦੇ ਸਰਕਾਰੀ ਫ਼ੋਨ ਤੇ ਫ਼ੋਨ ਕਰਕੇ ਮਸਲੇ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ |
ਜਸ਼ਨਦੀਪ ਕੌਰ ਦੇ ਕਾਤਲਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਮਾਪਿਆਂ ਵਲੋਂ ਕਿਸਾਨ ਯੂਨੀਅਨ ਨਾਲ ਮਿਲ ਕੇ ਥਾਣਾ ਨੰਦਗੜ੍ਹ ਮੂਹਰੇ ਧਰਨਾ <br/>
ਅਜੀਤ ਡੈਸਕ
25-02-2026