ਭਗਤਾ ਭਾਈਕਾ, 1 ਮਾਰਚ (ਸੁਖਪਾਲ ਸਿੰਘ ਸੋਨੀ)-ਸੂਬੇ ਦੇ ਲੋਕਾਂ ਨੂੰ ਨਿਰੋਗ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਆਰੰਭ ਕੀਤੀ ਗਈ ਸੀ.ਐਮ. ਯੋਗਸਾਲਾ ਦਾ ਪਿੰਡ ਕੋਠਾ ਗੁਰੂ ਵਿਖੇ ਆਗਾਜ਼ ਕੀਤਾ ਗਿਆ, ਜਿਸ ਦੌਰਾਨ ਪਿੰਡ ਦੀਆਂ ਮਹਿਲਾਵਾਂ ਨੇ ਮੁਫ਼ਤ ਯੋਗ ਆਸਣ ਦਾ ਲਾਹਾ ਲਿਆ | ਇੰਚਾਰਜ ਕਿਰਨਜੀਤ ਕੌਰ ਵਲੋਂ ਪਿੰਡ ਦੇ ਮੁੱਖ ਬਜ਼ਾਰ ਵਿਚ ਯੋਗ ਆਸਣ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੌਰਾਨ ਵੱਡੀ ਗਿਣਤੀ ਵਿਚ ਮਹਿਲਾਵਾਂ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ | ਇਸ ਸਬੰਧੀ ਯੋਗਾ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਚਾਰਜ ਕਿਰਨਜੀਤ ਕੌਰ ਨੇ ਦੱਸਿਆ ਕਿ ਯੋਗਾ ਕਰਨ ਨਾਲ ਜਿੱਥੇ ਸਰੀਰ ਨਿਰੋਗ ਰਹਿੰਦਾ ਹੈ, ਉੱਥੇ ਸਰੀਰ ਵਿਚ ਹਮੇਸ਼ਾ ਫੁਰਤੀ ਵੀ ਰਹਿੰਦੀ ਹੈ | ਯੋਗਾ ਨਾਲ ਮਨੁੱਖੀ ਸਰੀਰ ਦਾ ਤਣਾਅ ਘੱਟਦਾ ਹੈ ਅਤੇ ਸਰੀਰ ਦਿਨ ਭਰ ਫੁੱਲਾਂ ਵਾਂਗ ਖਿੜਿਆ, ਚੁਸਤ ਅਤੇ ਫੁਰਤੀਲਾ ਨਜ਼ਰ ਆਉਂਦਾ ਹੈ | ਉਨ੍ਹਾਂ ਕਿਹਾ ਕਿ ਲਗਾਤਾਰ ਯੋਗਾ ਕਰਨ ਵਾਲੇ ਅਨੇਕਾਂ ਲੋਕਾਂ ਨੇ ਬਿਮਾਰੀਆਂ ਤੋਂ ਰਾਹਤ ਪਾਈ ਹੈ | ਇੰਚਾਰਜ ਕਿਰਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਭਰ ਦੇ ਪਿੰਡਾਂ ਸ਼ਹਿਰਾਂ ਅੰਦਰ ਖੋਲੇ ਸੀ. ਐਮ. ਦੀ ਯੋਗਸ਼ਾਲਾ ਵਿਚ ਮਾਹਿਰ ਯੋਗਾ ਟਰੇਨਰਾਂ ਵਲੋਂ ਬਿਲਕੱੁਲ ਮੁਫ਼ਤ ਯੋਗ ਆਸਨ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਯੋਗਾ ਕਰਨ ਉਪਰੰਤ ਉਨ੍ਹਾਂ ਨੇ ਅਨੇਕਾਂ ਸਰੀਰਕ ਸਮੱਸਿਆਵਾਂ ਤੋਂ ਨਿਜ਼ਾਤ ਪਾਈ ਹੈ | ਉਨ੍ਹਾਂ ਪਿੰਡ ਕੋਠਾ ਗੁਰੂ ਦੇ ਲੋਕਾਂ ਨੂੰ ਯੋਗਸ਼ਾਲਾ ਵਿਚ ਪਹੁੰਚ ਕੇ ਯੋਗ ਦਾ ਲਾਭ ਲੈਣ ਦੀ ਅਪੀਲ ਕੀਤੀ |