ਸੰਗਤ ਮੰਡੀ, 5 ਮਾਰਚ (ਸੁਖਤੇਜ ਧਾਲੀਵਾਲ)-ਸਥਾਨਕ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਅੰਦਰ ਰੰਗਾਂ ਦਾ ਪਵਿੱਤਰ ਤਿਉਹਾਰ ਹੋਲੀ ਧੂਮਧਾਮ ਨਾਲ ਮਨਾਇਆ ਗਿਆ | ਸਵੇਰ ਹੁੰਦਿਆਂ ਹੀ ਨੌਜਵਾਨ ਲੜਕੇ-ਲੜਕੀਆਂ ਵਲੋਂ ਟੋਲੀਆਂ ਬਣਾ ਕੇ ਆਪਣੇ ਦੋਸਤਾਂ ਨਾਲ ਖੂਬ ਹੋਲੀ ਖੇਡੀ ਅਤੇ ਇਕ ਦੂਜੇ ਉੱਪਰ ਗੁਲਾਲ ਪਾਕੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਅੱਜ ਪੂਰਾ ਦਿਨ ਨੌਜਵਾਨਾਂ ਵਲੋਂ ਮੋਟਰ ਸਾਈਕਲਾਂ, ਇਲੈਕਟ੍ਰਾਨਿਕ ਸਕੂਟਰੀਆਂ 'ਤੇ ਸਵਾਰ ਹੋਕੇ ਹੋਲੀ ਮਨਾਉਂਦੇ ਹੋਏ ਖ਼ੂਬ ਮਨੋਰੰਜਨ ਕੀਤਾ ਗਿਆ | ਓਧਰ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਜਿੱਥੇ ਹੋਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਕਿਹਾ ਕਿ ਤਿਉਹਾਰ ਦੀ ਆੜ 'ਚ ਕਿਸੇ ਨੂੰ ਵੀ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਖ਼ਬਰ ਲਿਖੇ ਜਾਣ ਤੱਕ ਇਲਾਕੇ ਦੇ ਪਿੰਡਾਂ ਅੰਦਰ ਤਿਉਹਾਰ ਨੂੰ ਲੈ ਕੇ ਕੋਈ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਤੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ |