ਬਠਿੰਡਾ, 6 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸਮੂਹ ਡਿੱਪੂਆਂ 'ਤੇ ਗੇਟ ਰੈਲੀ ਕੀਤੀ ਗਈ | ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਪਿਛਲੇ 4 ਸਾਲਾਂ 'ਚ ਇਕ ਵੀ ਸਰਕਾਰੀ ਬੱਸ ਨਾ ਪਾਉਣ ਅਤੇ ਕੱਚੇ ਕਾਮਿਆਂ ਨੂੰ ਪੱਕਾ ਨਾ ਕਰਨ ਕਾਰਨ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਹੀ ਹੈ | ਪਨਬਸ ਵਿਚ 4 ਸਾਲਾਂ ਦੌਰਾਨ 4 ਠੇਕੇਦਾਰ ਵਿਚੋਲੀਏ ਬਦਲੇ ਗਏ ਹਨ | ਹਰ ਇਕ ਠੇਕੇਦਾਰ ਵਲੋਂ ਸਕਿਉਰਿਟੀ ਵਜੋਂ ਕਰੋੜਾਂ ਰੁਪਏ ਰਕਮ ਵਿਭਾਗ ਅਤੇ ਮੁਲਾਜ਼ਮਾਂ ਦੀ ਲੁੱਟ ਕੀਤੀ ਗਈ ਹੈ | ਆਊਟ ਸੋਰਸ ਤੇ ਭਰਤੀ ਲੱਖਾਂ ਰੁਪਏ ਰਿਸ਼ਵਤਖ਼ੋਰੀ ਰਾਹੀ ਕੀਤੀ ਜਾ ਰਹੀ ਹੈ | ਜਿਸ ਦੇ ਸਬੂਤ ਉਹ ਸਰਕਾਰ ਨੂੰ ਦੇ ਚੁੱਕੇ ਹਨ, ਪਰ ਕੋਈ ਵੀ ਕਾਰਵਾਈ ਨਹੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਪੰਜਾਬ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਕਿ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕੀਤਾ ਜਾਵੇ, ਪਰ ਉਲਟਾ ਸਰਕਾਰ ਵਲੋਂ ਪਿਛਲੇ 4 ਸਾਲਾਂ ਵਿਚ ਸਰਕਾਰੀ ਬੱਸ ਨਾ ਪਾ ਕੇ ਚਹੇਤਿਆਂ ਦੀਆਂ ਬੱਸਾਂ ਨੂੰ ਕਿੱਲੋਮੀਟਰ ਸਕੀਮਾਂ ਰਾਹੀ ਵਿਭਾਗ ਦੀ ਲੁੱਟ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਹਰ ਸਰਕਾਰ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਵਿਚ 1200-1300 ਸਰਕਾਰੀ ਬੱਸਾਂ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਵਿਚ ਵਿਭਾਗ ਦੀਆਂ ਆਪਣੀ ਮਾਲਕੀ ਦੀਆਂ ਬੱਸਾਂ ਵੀ ਪੈਂਦੀਆਂ ਰਹੀਆਂ ਹਨ, ਪ੍ਰੰਤੂ ਇਸ ਆਪ ਸਰਕਾਰ ਬਣੀ ਨੂੰ 4 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਹੁਣ ਤੱਕ ਸਰਕਾਰ ਨੇ ਇੱਕ ਵੀ ਸਰਕਾਰੀ ਬੱਸ ਨਹੀਂ ਪਈ, ਉਲਟਾ ਸਰਕਾਰ ਦੇ ਕਾਰਜਕਾਲ ਦੌਰਾਨ 500 ਤੋਂ ਵੱਧ ਬੱਸਾਂ ਕੰਡਮ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ 9 ਮਾਰਚ ਤੋਂ ਮੋਹਾਲੀ ਵਿਖੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਨੂੰ ਮੁੱਖ ਰੱਖਦੇ ਹੋਏ ਰੋਜ਼ਾਨਾ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨਗੇ | ਜੇਕਰ ਸਰਕਾਰ ਵਲੋਂ ਕੋਈ ਵੀ ਵਧੀਕੀ ਕੀਤੀ ਗਈ ਤਾਂ ਤੁਰੰਤ ਤੌਰ 'ਤੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ |