ਬਠਿੰਡਾ, 10 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਇਕ ਅਦਾਲਤ ਨੇ ਇਕ ਵਿਅਕਤੀ ਦੇ ਘਰ 'ਤੇ ਹਵਾਈ ਫਾਇਰ ਕਰਨ ਦੇ ਕਰੀਬ ਚਾਰ ਸਾਲ ਪੁਰਾਣੇ ਮਾਮਲੇ ਦਾ ਨਿਪਟਾਰਾ ਕਰਦਿਆਂ ਇਸ ਮੁਕੱਦਮੇ 'ਚੋਂ ਇਕ ਵਿਅਕਤੀ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਅਨੁਸਾਰ ਪਿੰਡ ਲਹਿਰਾ ਖਾਨਾ ਦੇ ਇਕ ਵਿਅਕਤੀ ਨੇ ਮੀਂਹ ਦੇ ਪਾਣੀ ਨੂੰ ਲੈ ਕੇ ਆਪਣੇ ਹੀ ਪਿੰਡ ਦੇ ਨਿਰਮਲ ਸਿੰਘ 'ਤੇ ਆਪਣੇ ਘਰ ਉੱਪਰ ਹਵਾਈ ਫਾਇਰ ਕਰਨ ਦੇ ਦੋਸ਼ ਲਗਾਉਂਦੇ ਥਾਣਾ ਨਥਾਣਾ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਨਿਰਮਲ ਸਿੰਘ ਦੇ ਖ਼ਿਲਾਫ਼ ਧਾਰਾ 336 ਆਈ.ਪੀ.ਸੀ, 27,54, 59 ਅਸਲਾ ਐਕਟ ਤਹਿਤ 22/8/ 2021 ਨੂੰ ਮੁਕੱਦਮਾ ਦਰਜ ਕੀਤਾ ਸੀ, ਜਿਸ ਦਾ ਅਦਾਲਤ ਵਿਚ ਕੇਸ ਚੱਲ ਰਿਹਾ ਸੀ | ਹੁਣ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਦਾਲਤ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਬਚਾਅ ਪੱਖ ਦੇ ਵਕੀਲ ਰਾਮਭਗਤ ਸਿੰਘ ਤੁੰਗਵਾਲੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਤੇ ਸਬੂਤਾਂ ਦੀ ਘਾਟ ਕਾਰਨ ਇਸ ਮਾਮਲੇ 'ਚੋਂ ਨਿਰਮਲ ਸਿੰਘ ਨੂੰ ਬਰੀ ਕਰ ਦਿੱਤਾ ਹੈ |