ਬਠਿੰਡਾ, 10 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਗੁਰੂ ਰਾਮਦਾਸ ਹਸਪਤਾਲ ਬਠਿੰਡਾ ਨੇ ਇਕ ਗਰੀਬ ਤੇ ਲੋੜਵੰਦ ਔਰਤ ਵਿਦਿਆ ਦੇਵੀ ਵਾਸੀ ਬਠਿੰਡਾ ਦਾ ਗੋਡਾ ਮੁਫ਼ਤ ਵਿਚ ਬਦਲ ਕੇ ਇਕ ਮਿਸਾਲ ਕਾਇਮ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਗੁਰਮੇਲ ਸਿੰਘ, ਡਾ: ਸ਼ਾਮ ਲਾਲ ਠੁਕਰਾਲ ਅਤੇ ਡਾ: ਅਮਨ ਸਿੰਗਲਾ ਨੇ ਦੱਸਿਆ ਕਿ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ: ਵਰਿੰਦਰਪਾਲ ਸਿੰਘ ਠਾਕੁਰ ਨੇ ਔਰਤ ਦਾ ਗੋਡਾ ਬਦਲਣ ਪਿੱਛੋਂ ਅੱਜ ਉਸ ਨੂੰ ਸਹੀ ਹਾਲਤ ਵਿਚ ਚੱਲਦਾ ਕਰਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ ਅਤੇ ਗੋਡਾ ਬਦਲਣ ਲਈ ਸਬੰਧਿਤ ਔਰਤ ਤੋਂ ਕੋਈ ਪੈਸਾ ਨਹੀਂ ਲਿਆ ਗਿਆ | ਕਿਉਂਕਿ ਵਿਦਿਆ ਦੇਵੀ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੈ ਅਤੇ ਉਸ ਕੋਲ ਕਮਾਈ ਦੀ ਵੀ ਕੋਈ ਸਾਧਨ ਨਹੀਂ ਸੀ | ਜਿਸ ਕਰਕੇ ਗੁਰੂ ਰਾਮਦਾਸ ਹਸਪਤਾਲ ਵਲੋਂ ਸਮਾਜ ਸੇਵਾ ਵਿਚ ਆਪਣੇ ਤਰੀਕੇ ਯੋਗਦਾਨ ਪਾਉਣ ਦਾ ਇਹ ਉੱਦਮ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਰੀਜ਼ ਬਿਲਕੱੁਲ ਠੀਕ ਮਹਿਸੂਸ ਕਰ ਰਿਹਾ ਸੀ, ਜਿਸ ਮਗਰੋਂ ਉਸ ਨੂੰ ਹਸਪਤਾਲੋਂ ਛੁੱਟੀ ਦਿੱਤੀ ਗਈ ਹੈ | ਹਸਪਤਾਲ ਵਲੋਂ ਕੀਤੇ ਗਏ ਇਸ ਪੁੰਨ ਦੇ ਕਾਰਜ ਦੀ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਖੂਬ ਪ੍ਰਸੰਸਾ ਹੋ ਰਹੀ ਹੈ | ਡਾ: ਅਜੀਤਪਾਲ ਸਿੰਘ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਵਪਾਰੀਕਰਨ ਦੇ ਅਜੋਕੇ ਯੁੱਗ ਵਿਚ ਇਹ ਇਕ ਪਹਿਲਾਂ ਹਸਪਤਾਲ ਬਣ ਗਿਆ, ਜਿਸ ਨੇ ਬਿਨ੍ਹਾਂ ਕੋਈ ਪੈਸਾ ਲਏ ਕਿਸੇ ਲੋੜਵੰਦ ਮਰੀਜ਼ ਦਾ ਗੋਡਾ ਬਦਲਿਆ ਹੈ | ਹਸਪਤਾਲ ਦੀ ਸਾਰੀ ਮੈਨੇਜਮੈਂਟ ਤੇ ਸਟਾਫ਼ ਇਸ ਉਪਰਾਲੇ ਲਈ ਵਧਾਈ ਦਾ ਪਾਤਰ ਹੈ |