ਤਲਵੰਡੀ ਸਾਬੋ, 6 ਅਪ੍ਰੈਲ (ਰਣਜੀਤ ਸਿੰਘ ਰਾਜੂ)-ਕਾਂਗਰਸ ਦੇ ਮੋਹਰੀ ਆਗੂਆਂ 'ਚ ਸ਼ੁਮਾਰ ਰਹੇ ਤੇ ਵੈਬਕੋ ਪੰਜਾਬ ਦੇ ਚੇਅਰਮੈਨ ਰਹਿ ਚੁੱਕੇ ਮਰਹੂਮ ਸੁਖਰਾਜ ਸਿੰਘ ਨੱਤ ਦੇ ਪੁੱਤਰ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਜਿਨ੍ਹਾਂ ਨੇ ਬੀਤੇ ਦਿਨੀਂ ਮੋਹਾਲੀ ਦੇ ਕੁਝ ਬਿਲਡਰਾਂ ਤੇ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਹੜੱਪ ਜਾਣ ਦੇ ਕਥਿਤ ਦੋਸ਼ ਲਾਉਂਦਿਆਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਨੱਤ ਵਿਖੇ ਕਰ ਦਿੱਤਾ ਗਿਆ | ਅੰਤਿਮ ਸਸਕਾਰ ਮੌਕੇ ਰਾਜਸੀ ਹਸਤੀਆਂ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ 'ਚ ਆਮ ਲੋਕਾਂ ਨੇ ਪਹੁੰਚ ਕੇ ਮਰਹੂਮ ਨੌਜਵਾਨ ਆਗੂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ | ਅੱਜ ਸਭ ਤੋਂ ਪਹਿਲਾਂ ਮਰਹੂਮ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਦੀ ਮਿ੍ਤਕ ਦੇਹ ਉਨ੍ਹਾਂ ਦੇ ਚਾਚਾ ਦੇ ਘਰ ਉੱਪ ਮੰਡਲ ਤਲਵੰਡੀ ਸਾਬੋ 'ਚ ਪੈਂਦੇ ਪਿੰਡ ਨੱਤ ਵਿਖੇ ਲਿਆਂਦੀ ਗਈ ਜਿੱਥੇ ਵੱਡੀ ਗਿਣਤੀ ਆਗੂਆਂ ਤੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਮਰਹੂਮ ਸੁਖਰਾਜ ਸਿੰਘ ਨੱਤ ਦੇ ਕਰੀਬੀ ਸਾਥੀਆਂ ਚ ਗਿਣੇ ਜਾਂਦੇ ਰਹੇ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਕਾਂਗਰਸ ਪਾਰਟੀ ਵਲੋਂ ਹਾਜ਼ਰੀ ਭਰਦਿਆਂ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਦੀ ਮਿ੍ਤਕ ਦੇਹ ਤੇ ਦੁਸ਼ਾਲਾ ਪਾਇਆ | ਸ਼ਰਧਾਂਜਲੀਆਂ ਉਪਰੰਤ ਇਕ ਵੱਡੇ ਕਾਫ਼ਲੇ ਦੇ ਰੂਪ 'ਚ ਐਡਵੋਕੇਟ ਨੱਤ ਦੀ ਮਿ੍ਤਕ ਦੇਹ ਨੂੰ ਪਿੰਡ ਦੇ ਸ਼ਮਸ਼ਾਨ-ਘਾਟ ਲਿਆਂਦਾ ਗਿਆ ਜਿੱਥੇ ਉਸ ਦੇ ਪਰਿਵਾਰਿਕ ਵਾਰਿਸਾਂ ਵਲੋਂ ਉਨ੍ਹਾਂ ਦੀ ਦੇਹ ਨੂੰ ਅਗਨ ਭੇਟ ਕੀਤਾ ਗਿਆ | ਅੰਤਿਮ ਸੰਸਕਾਰ ਮੌਕੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਅਜਾਇਬ ਸਿੰਘ ਭੱਟੀ, ਜੀਤਮਹਿੰਦਰ ਸਿੰਘ ਸਿੱਧੂ ਤੇ ਮੰਗਤ ਰਾਏ ਬਾਂਸਲ ਦੋਵੇਂ ਸਾਬਕਾ ਵਿਧਾਇਕ, ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ, ਸੀ.ਕਾਂਗਰਸੀ ਆਗੂ ਅਵਤਾਰ ਸਿੰਘ ਗੋਨਿਆਣਾ, ਕ੍ਰਿਸ਼ਨ ਸਿੰਘ ਭਾਗੀਵਾਂਦਰ, ਭੁਪਿੰਦਰ ਸਿੰਘ ਗੋਰਾ, ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ, ਮਹਿਲਾ ਕਮਿਸ਼ਨ ਪੰਜਾਬ ਦੀ ਮੈਂਬਰ ਬੀਬਾ ਜਸਵਿੰਦਰ ਕੌਰ ਸਰਪੰਚ ਜਗਾ, ਨਗਰ ਕੌਂਸਲ ਤਲਵੰਡੀ ਸਾਬੋ ਪ੍ਰਧਾਨ ਕੁਲਵੀਰ ਕੌਰ ਵਲੋਂ ਹਰਜੀਤ ਸਿੰਘ ਸਰਾਂ, ਝੰਡਾ ਸਿੰਘ ਸਰਪੰਚ ਨੱਤ, 'ਆਪ' ਆਗੂ ਗੁਰਤੇਜ ਸਿੰਘ ਜੋਗੇਵਾਲਾ, ਜਨਕ ਸਿੰਘ ਨੱਤ, ਅਵਤਾਰ ਸਿੰਘ ਨੱਤ, ਕਾਂਗਰਸੀ ਆਗੂ ਕ੍ਰਿਸ਼ਨ ਯਾਦਵ, ਵਿਕਾਸ ਤਲਵੰਡੀ, ਸੁਰਜੀਤ ਸ਼ਰਮਾ ਜਗਾ, ਗੁਰਾਦਿੱਤਾ ਸਿੰਘ ਸੀਂਗੋ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਤੇ ਇਲਾਕੇ ਦੇ ਲੋਕ ਮੌਜੂਦ ਸਨ |