ਬਠਿੰਡਾ, 14 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਬਠਿੰਡਾ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿਚ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪੰਕਜ ਕੁਮਾਰ ਨੇ ਸਾਂਝੀ ਕੀਤੀ | ਮਨਾਏ ਗਏ ਇਸ ਵਿਸਾਖੀ ਦੇ ਤਿਉਹਾਰ ਦੌਰਾਨ ਛੋਟੇ ਬੱਚਿਆਂ ਅਤੇ ਮਾਤਾਵਾਂ ਨੂੰ ਵਿਸਾਖੀ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ | ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਕੇਂਦਰਾਂ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਅਤੇ ਬੱਚਿਆਂ ਨੂੰ ਪੰਜਾਬੀ ਰਿਵਾਇਤੀ ਪਹਿਰਾਵੇ ਪਹਿਨਾ ਕੇ ਭੰਗੜਾ ਅਤੇ ਗਿੱਧਾ ਕਰਵਾਇਆ ਗਿਆ | ਬੱਚਿਆਂ ਨੇ ਕਵਿਤਾਵਾਂ, ਗੀਤਾਂ ਅਤੇ ਛੋਟੇ-ਛੋਟੇ ਨਾਟਕਾਂ ਰਾਹੀਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ ਮਾਤਾਵਾਂ ਨੂੰ ਪੋਸ਼ਣ, ਸਿਹਤ ਅਤੇ ਬੱਚਿਆਂ ਦੀ ਸੰਭਾਲ ਸੰਬੰਧੀ ਜਾਗਰੂਕਤਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਸੰਤੁਲਿਤ ਖੁਰਾਕ ਅਤੇ ਸਫਾਈ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪੰਕਜ ਕੁਮਾਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਬੱਚਿਆਂ ਵਿਚ ਆਤਮ-ਵਿਸ਼ਵਾਸ ਵੱਧਦਾ ਹੈ ਅਤੇ ਉਹਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆ ਜਾਂਦਾ ਹੈ | ਇਸ ਮੌਕੇ ਸਾਰੇ ਹਾਜ਼ਰੀਨਾਂ ਵੱਲੋਂ ਇਕ-ਦੂਜੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ |