ਪੰਜਾਬ 'ਚ ਕਣਕ ਨਾਲ ਨੱਕੋ-ਨੱਕ ਭਰੀਆਂ ਦਾਣਾ ਮੰਡੀਆਂ, ਕੇਂਦਰ ਸਰਕਾਰ ਨੇ ਅਜੇ ਤੱਕ ਖ਼ਰੀਦ 'ਚ ਨਹੀਂ ਦਿੱਤੀ ਕੋਈ ਢਿੱਲ ਬਠਿੰਡਾ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ 'ਚ ਵਿਸਾਖੀ ਤੱਕ ਹੋਈ 41909 ਮੀਟਿ੍ਕ ਕਣਕ ਦੀ ਆਮਦ
ਅਜੀਤ ਡੈਸਕ
16-04-2026
ਬਠਿੰਡਾ ਸਮੇਤ ਪੰਜਾਬ ਬਰ ਵਿਚ ਕਣਕ ਦੀ ਖ਼ਰੀਦ ਢਿੱਲੀ ਰਫ਼ਤਾਰ ਨਾਲ ਚੱਲ ਰਹੀ ਹੈ |
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਰੇ੍ਹ ਮੀਂਹ ਅਤੇ ਹੋਈ ਗੜ੍ਹੇਮਾਰੀ ਨਾਲ ਪੰਜਾਬ 'ਚ ਕਣਕ ਦੀ ਫ਼ਸਲ ਕਾਫੀ ਬੁਰੀ ਤਰ੍ਹਾਂ ਝੰਬੀ ਗਈ ਹੈ, ਜਿਸ ਕਾਰਨ ਕੇਂਦਰ ਸਰਕਾਰ ਅਤੇ ਕੇਂਦਰੀ ਖ਼ਰੀਦ ਏਜੰਸੀਆਂ ਕਣਕ ਦੀ ਗੁਣਵੱਤਾ 'ਤੇ ਸਵਾਲ ਖੜੇ ਕਰਦੀਆਂ ਹੋਈਆਂ ਜਾਂਚ ਲਈ ਦਾਣਾ ਮੰਡੀਆਂ ਵਿਚ ਪੁੱਜੀਆਂ ਹੋਈਆਂ ਹਨ ਤੇ ਕਣਕ ਦੇ ਨਮੂਨੇ ਭਰੇ ਜਾ ਰਹੇ ਹਨ | ਇੰਨ੍ਹਾਂ ਨਮੂਨਿਆਂ ਦਾ ਨਤੀਜਾ ਅਤੇ ਕਣਕ ਦੀ ਗੁਣਵੱਤਾ ਸੰਬੰਧੀ ਕੇਂਦਰ ਸਰਕਾਰ ਦਾ ਫ਼ੈਸਲਾ ਆਉਣ ਤੱਕ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਨੇ ਵੀ ਕਣਕ ਦੀ ਖ਼ਰੀਦ ਕਰਨ ਤੋਂ ਹੱਥ ਪਿੱਛੇ ਖਿੱਚੇ ਹੋਏ ਹਨ | ਵਿਸਾਖੀ ਦਾ ਤਿਉਹਾਰ ਹੋਣ ਕਰਕੇ ਅਜੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਵਾਢੀ ਨੇ ਤੇਜ਼ੀ ਨਹੀਂ ਫੜੀ ਸੀ, ਜੋ ਹੁਣ ਇਕ-ਦੋ ਦਿਨਾਂ ਅੰਦਰ ਤੇਜ ਹੋ ਜਾਵੇਗੀ ਅਤੇ ਖ਼ਰੀਦ ਨੂੰ ਲੈ ਕੇ ਕਿਸਾਨਾਂ ਨੇ ਵੀ ਤਿੱਖੇ ਰੋਹ ਦਾ ਐਲਾਨ ਕਰ ਦਿੱਤਾ ਹੈ |