ਭਗਤਾ ਭਾਈਕਾ, 20 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵਲੋਂ ਪਿੰਡ ਕੋਠਾ ਗੁਰੂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਪੰਜਵੀਂ ਬੱਸ ਨੂੰ ਧਾਰਮਿਕ ਯਾਤਰਾ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਸਮਾਜ ਸੇਵੀਆਂ ਅਤੇ ਬਜ਼ੁਰਗਾਂ ਨੇ ਹਾਜ਼ਰੀ ਭਰੀ ਅਤੇ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਇਸ ਦੌਰਾਨ ਜਤਿੰਦਰ ਭੱਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇਕ ਲੋਕ-ਹਿਤੈਸ਼ੀ ਕਦਮ ਹੈ, ਜਿਸ ਦਾ ਮਕਸਦ ਬਜ਼ੁਰਗਾਂ ਨੂੰ ਮੁਫ਼ਤ ਧਾਰਮਿਕ ਯਾਤਰਾ ਦੀ ਸਹੂਲਤ ਪ੍ਰਦਾਨ ਕਰਨਾ ਹੈ | ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਭਰ ਦੇ ਕਰੀਬ 11 ਲੱਖ ਬਜ਼ੁਰਗਾਂ ਨੂੰ ਵੱਖ-ਵੱਖ ਪ੍ਰਸਿੱਧ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ, ਜਿਸ ਨਾਲ ਉਨਾਂ ਦੀ ਆਤਮਿਕ ਸੰਤੁਸ਼ਟੀ ਵਿਚ ਵਾਧਾ ਹੋਵੇਗਾ | ਉਨਾਂ ਕਿਹਾ ਕਿ ਕਈ ਬਜ਼ੁਰਗ ਅਜਿਹੇ ਹੁੰਦੇ ਹਨ, ਜੋ ਆਰਥਿਕ ਕਾਰਨਾਂ ਜਾਂ ਸਿਹਤ ਸਮੱਸਿਆਵਾਂ ਕਰਕੇ ਆਪਣੇ ਜੀਵਨ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ | ਇਸ ਯੋਜਨਾ ਰਾਹੀਂ ਸਰਕਾਰ ਉਹਨਾਂ ਦੇ ਸੁਪਨੇ ਪੂਰੇ ਕਰ ਰਹੀ ਹੈ | ਉਨਾਂ ਨੇ ਕਿਹਾ ਕਿ ਇਹ ਯੋਜਨਾ ਸਮਾਜ ਵਿੱਚ ਸਾਂਝ ਅਤੇ ਧਾਰਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ | ਉਨਾਂ ਨੇ ਯਾਤਰੀਆਂ ਨੂੰ ਸਾਰੇ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਆ ਨੂੰ ਪਹਿਲ ਦੇਣ ਦੀ ਅਪੀਲ ਕੀਤੀ | ਉਨਾਂ ਨੇ ਕਿਹਾ ਕਿ ਸਰਕਾਰ ਵਲੋਂ ਯਾਤਰੀਆਂ ਲਈ ਸੁਵਿਧਾਜਨਕ ਪ੍ਰਬੰਧ ਕੀਤੇ ਗਏ ਹਨ, ਜਿਸ ਵਿਚ ਰਹਿਣ-ਸਹਿਣ, ਖਾਣ-ਪੀਣ ਅਤੇ ਸੁਰੱਖਿਆ ਦੀ ਪੂਰੀ ਵਿਵਸਥਾ ਸ਼ਾਮਲ ਹੈ | ਪਿੰਡ ਵਾਸੀਆਂ ਨੇ ਵੀ ਇਸ ਯੋਜਨਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਪਹਿਲ ਬਜ਼ੁਰਗਾਂ ਲਈ ਇਕ ਵੱਡੀ ਸਹੂਲਤ ਹੈ ਅਤੇ ਸਰਕਾਰ ਦੇ ਇਸ ਕਦਮ ਨਾਲ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਹੈ | ਉਨਾਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਅਜਿਹੀਆਂ ਲੋਕ-ਭਲਾਈ ਯੋਜਨਾਵਾਂ ਜਾਰੀ ਰਹਿਣਗੀਆਂ |