ਬਠਿੰਡਾ, 22 ਅਪ੍ਰੈਲ (ਅਵਤਾਰ ਸਿੰਘ ਕੈਂਥ)-ਗਰਮੀਆਂ ਦਾ ਮੌਸਮ ਆਪਣੇ ਸਿਖ਼ਰ ਜੋਬਨ ਰੁੱਤ 'ਤੇ ਹੋਣ ਕਾਰਨ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਅਤੇ ਮਰੀਜ਼ਾਂ ਦੇ ਵਾਰਸਾਂ ਲਈ ਠੰਡੇ ਪਾਣੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ, ਸਹਾਰਾ ਜਨ ਸੇਵਾ ਨੇ ਬਾਗਵਾਨ ਕਲੱਬ ਰੋਜ਼ ਗਾਰਡਨ ਦੀ ਮੱਦਦ ਨਾਲ ਸਰਕਾਰੀ ਹਸਪਤਾਲ ਵਿਚ ਆਰ.ਓ. ਠੰਡੇ ਪਾਣੀ ਦਾ ਪ੍ਰਬੰਧ ਕੀਤਾ ਹੈ | ਬਾਗਵਾਨ ਕਲੱਬ ਰੋਜ਼ ਗਾਰਡਨ ਵਲੋਂ ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕੀਤਾ ਗਿਆ ਹੈ, ਇਸ ਵਿਚ ਬਾਗਵਾਨ ਕਲੱਬ ਦੇ ਸਾਰੇ ਮੈਂਬਰ ਸਹਿਯੋਗ ਕਰ ਰਹੇ ਹਨ | ਸਿਵਲ ਹਸਪਤਾਲ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਮਰੀਜ਼ ਆਉਂਦੇ ਹਨ ਜਿਨ੍ਹਾਂ ਲਈ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਹਸਪਤਾਲ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਪਾਣੀ ਲਈ ਇੱਧਰ-ਉੱਧਰ ਭਟਕਣਾ ਨਾ ਪਵੇ | ਸਹਾਰਾ ਜਨ ਸੇਵਾ ਨੇ ਸਰਕਾਰੀ ਹਸਪਤਾਲ ਵਿਚ ਰੋਜ਼ਾਨਾ 80 ਠੰਡੇ ਪਾਣੀ ਦੇ ਟੈਂਕ ਸ਼ੁਰੂ ਕੀਤੇ ਹਨ, ਜਿਨ੍ਹਾਂ ਨੂੰ ਗਰਮੀਆਂ ਦੇ ਨੇੜੇ ਆਉਣ 'ਤੇ ਹੋਰ ਵਧਾਇਆ ਜਾਵੇਗਾ | ਅੱਜ ਇਸ ਮੌਕੇ ਪਾਣੀ ਸੇਵਾ ਦਾ ਰਸਮੀ ਉਦਘਾਟਨ ਮੌਕੇ ਬਾਗਵਾਨ ਕਲੱਬ ਦੇ ਮੈਂਬਰ ਐਸ. ਐਮ. ਦੀਕਸ਼ਿਤ, ਇੰਜੀਨੀਅਰ ਐਸ. ਐਲ. ਗਰਗ, ਇੰਜੀਨੀਅਰ ਅਨਿਲ ਗੁਪਤਾ, ਕਸ਼ਮੀਰੀ ਲਾਲ, ਮੋਹਨ ਲਾਲ ਗਰਗ, ਇੰਜੀਨੀਅਰ ਰਾਕੇਸ਼ ਗੁਪਤਾ, ਜਵਾਹਰ ਲਾਲ, ਬੀ. ਐਮ. ਗੋਗੀਆ ਅਤੇ ਸਹਾਰਾ ਟੀਮ ਮੌਜੂਦ ਸੀ | ਬਾਗਵਾਨ ਕਲੱਬ ਦੇ ਐਸ. ਐਮ. ਦੀਕਸ਼ਿਤ ਨੇ ਕਿਹਾ ਕਿ ਹਸਪਤਾਲ ਵਿਚ ਠੰਡੇ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ ਅਤੇ ਇਸ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ | ਸਹਾਰਾ ਜਨ ਸੇਵਾ ਦੇ ਬਾਨੀ ਵਿਜੇ ਗੋਇਲ ਤੇ ਪ੍ਰਧਾਨ ਗੌਤਮ ਗੋਇਲ ਨੇ ਬਾਗਵਾਨ ਕਲੱਬ ਰੋਜ਼ ਗਾਰਡਨ ਦਾ ਧੰਨਵਾਦ ਕੀਤਾ |