ਤਲਵੰਡੀ ਸਾਬੋ, 23 ਅਪ੍ਰੈਲ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਨੈਸ਼ਨਲ ਸਰਵਿਸ ਸਕੀਮ (ਐਨ.ਐਸ.ਐਸ) ਯੂਨਿਟ ਵਲੋਂ ਯੂਨੀਵਰਸਿਟੀ ਦੇ ਉੱਪ ਕੁਲਪਤੀ ਦੀ ਰਹਿਨੁਮਾਈ ਹੇਠ 'ਵਿਸ਼ਵ ਸਿਹਤ ਦਿਵਸ 2026' ਨੂੰ ਸਮਰਪਿਤ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ | ਇਨਾਂ ਪ੍ਰੋਗਰਾਮਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਅਤੇ ਆਮ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਨਸ਼ਿਆਂ ਵਿਰੁੱਧ ਲਾਮਬੰਦ ਕਰਨਾ ਸੀ | ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਪਹਿਲਾਂ ਯੂਨੀਵਰਸਿਟੀ ਕੈਂਪਸ ਦੇ ਡੀ-ਬਲਾਕ ਵਿਖੇ ਇਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਵਿਚ ਲਗਭਗ 30 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਨੇ ਆਪਣੀ ਕਲਾ ਰਾਹੀਂ ਨਸ਼ਾ ਵਿਰੋਧੀ ਮੁਹਿੰਮ, ਅੱਖਾਂ ਦੀ ਸੰਭਾਲ ਅਤੇ ਸਿਹਤਮੰਦ ਜੀਵਨ ਸ਼ੈਲੀ ਵਰਗੇ ਅਹਿਮ ਵਿਸ਼ਿਆਂ 'ਤੇ ਪ੍ਰਭਾਵਸ਼ਾਲੀ ਪੋਸਟਰ ਬਣਾ ਕੇ ਆਪਣੀ ਸੋਚ ਨੂੰ ਉਜਾਗਰ ਕੀਤਾ | ਇਸੇ ਤਰਾਂ ਯੂਨੀਵਰਸਿਟੀ ਵਲੋਂ ਗੋਦ ਲਏ ਪਿੰਡ ਬੰਗੀ ਰੁਲਦੂ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਥੀਮ ਹੇਠ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਮੁਹਿੰਮ ਵਿਚ ਲਗਭਗ 150 ਐਨ.ਐਸ.ਐਸ. ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ | ਵਿਦਿਆਰਥੀਆਂ ਨੇ ਪਿੰਡ ਵਿਚ ਜਾਗਰੂਕਤਾ ਰੈਲੀ ਕੱਢਦਿਆਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਨਾਅਰੇ ਲਗਾਏ ਅਤੇ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣ ਅਤੇ ਚੰਗੀ ਸਿਹਤ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੁਹਿੰਮ ਨੂੰ ਪਿੰਡ ਵਾਸੀਆਂ ਦਾ ਭਰਪੂਰ ਸਹਿਯੋਗ ਮਿਲਿਆ | ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਪੰਚਾਇਤ ਮੈਂਬਰਾਂ ਨੇ ਖ਼ੁਦ ਇਸ ਰੈਲੀ ਵਿਚ ਸ਼ਾਮਿਲ ਹੋ ਕੇ ਵਲੰਟੀਅਰਾਂ ਦਾ ਹੌਸਲਾ ਵਧਾਇਆ | ਉਨਾਂ ਨੇ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿਚ ਸਕਾਰਾਤਮਿਕ ਤਬਦੀਲੀ ਲਿਆਉਣ ਲਈ ਨੌਜਵਾਨਾਂ ਦੀ ਅਜਿਹੀ ਭੂਮਿਕਾ ਬਹੁਤ ਜ਼ਰੂਰੀ ਹੈ | ਯੂਨੀਵਰਸਿਟੀ ਪ੍ਰਬੰਧਕਾਂ ਅਨੁਸਾਰ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ ਅਤੇ ਯੂਨੀਵਰਸਿਟੀ ਭਵਿੱਖ ਵਿਚ ਵੀ ਸਮਾਜ ਭਲਾਈ ਦੇ ਅਜਿਹੇ ਕਾਰਜਾਂ ਲਈ ਵਚਨਬੱਧ ਰਹੇਗੀ |