ਬਠਿੰਡਾ, 8 ਮਈ (ਅਵਤਾਰ ਸਿੰਘ ਕੈਂਥ)-ਸਰਾਫ਼ਾ ਐਸੋਸੀਏਸ਼ਨ, ਪੰਜਾਬ ਸਵਰਨਕਾਰ ਸੰਘ ਅਤੇ ਬਠਿੰਡਾ ਵਪਾਰ ਮੰਡਲ ਦੇ ਮੈਂਬਰਾਂ ਨੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਪ੍ਰਭਦੀਪ ਕੌਰ ਨਾਲ ਮੁਲਾਕਾਤ ਕਰਦਿਆਂ ਜੀ.ਐਸ.ਟੀ. ਵਿਭਾਗ ਦੇ ਅਧਿਕਾਰੀਆਂ ਵਲੋਂ ਜ਼ਵੈਲਰਾਂ ਦੀਆਂ ਤਿੰਨ ਦੁਕਾਨਾਂ 'ਤੇ ਛਾਪੇਮਾਰੀ ਕਰਨ ਬਾਰੇ ਗੱਲ ਕੀਤੀ | ਸਰਾਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਦਰੇਵਜੀਤ ਠਾਕੁਰ ਨੇ ਕਿਹਾ ਕਿ ਸਰਾਫ਼ਾ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹੋਈਆਂ ਹਨ ਅਤੇ ਇਸ ਮਾਮਲੇ ਨਾਲ ਸਬੰਧਿਤ ਜ਼ਵੈਲਰਾਂ ਦੇ ਫੈਸਲੇ ਤੱਕ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ | ਜੌੜਾ ਨੇ ਕਿਹਾ ਕਿ ਸੋਨਾ ਚਾਂਦੀ ਦੇ ਵਧੇ ਹੋਏ ਭਾਅ ਕਾਰਨ ਕਾਰੋਬਾਰ ਮੰਦੇ ਚੱਲ ਰਹੇ ਹਨ | ਜਿਸ ਕਾਰਨ ਬਹੁਤ ਦੁਕਾਨਦਾਰਾਂ ਨੂੰ ਖਰਚੇ ਪੂਰੇ ਕਰਨੇ ਵੀ ਔਖੇ ਹੋ ਗਏ ਹਨ | ਅਜਿਹੇ ਹਾਲਤ ਵਿਚ ਟੈਕਸ ਵਿਭਾਗ ਵਲੋਂ ਜ਼ਵੈਲਰਾਂ ਤੇ ਅਫ਼ਸਰੀ/ਇੰਸਪੈਕਟਰੀ ਦਬਾਅ ਨਾ ਪਾਇਆ ਜਾਵੇ | ਸਾਡੇ ਦੁਕਾਨਦਾਰ ਆਪਣੇ ਕਾਰੋਬਾਰ ਅਨੁਸਾਰ ਟੈਕਸ ਅਦਾ ਕਰ ਰਹੇ ਹਨ | ਫ਼ਿਰ ਵੀ ਅਸੀਂ ਸਰਾਫ਼ਾ ਐਸੋਸੀਏਸ਼ਨ ਬਠਿੰਡਾ, ਜ਼ਵੈਲਰ ਐਸੋਸੀਏਸ਼ਨਾਂ ਅਤੇ ਪੰਜਾਬ ਸਵਰਨਕਾਰ ਸੰਘ ਦੇ ਸਾਰੇ ਜ਼ਿਲ੍ਹੇ, ਸ਼ਹਿਰ, ਤਹਿਸੀਲਾਂ ਵਲੋਂ ਭਰੋਸਾ ਦਿੰਦੇ ਹਾਂ ਕਿ ਅਸੀਂ ਆਪਣੇ ਕਾਰੋਬਾਰ ਅਨੁਸਾਰ ਬਣਦਾ ਜੀ.ਐਸ.ਟੀ. ਅਦਾ ਕਰਦੇ ਰਹਾਂਗੇ | ਬੈਠਕ ਵਿਚ ਉਨ੍ਹਾਂ ਸਾਰੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਵਪਾਰੀ ਨੂੰ ਬਿਨ੍ਹਾਂ ਵਜ੍ਹਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਵਿਭਾਗ ਦਾ ਮਕਸਦ ਸਿਰਫ਼ ਇਨ੍ਹਾਂ ਹੈ ਕਿ ਵਪਾਰੀ ਟੈਕਸ ਵਿਚ ਗਲਤੀਆਂ ਵਿਚ ਸੁਧਾਰ ਕੀਤਾ ਜਾਵੇ | ਇਸ ਲਈ ਵਿਭਾਗ ਵਲੋਂ ਜਵੈਲਰ, ਵਪਾਰੀਆਂ ਨੂੰ ਜਾਗਰੂਕ ਕਰਨਾ ਹੈ, ਤਾਂ ਕਿ ਭਵਿੱਖ ਵਿਚ ਵਪਾਰ ਨੂੰ ਸਹੀ ਦਿਸ਼ਾ ਵੱਲ ਲਿਜਾਇਆ ਜਾ ਸਕੇ |ਏ.ਸੀ.ਈ.ਟੀ. ਮੈਡਮ ਨੇ ਵਿਭਾਗ ਦੀ ਕਾਰਵਾਈ ਨੂੰ ਸਾਫ਼ ਕੀਤਾ ਅਤੇ ਭਵਿੱਖ ਵਿਚ ਵਿਭਾਗ ਵਲੋਂ ਸਹਿਯੋਗ ਅਤੇ ਸਹੀ ਵਿਵਹਾਰ ਦਾ ਭਰੋਸਾ ਦਿਵਾਇਆ | ਜਿਸ ਤੋਂ ਸਾਰੇ ਮੈਂਬਰ ਰਾਜ਼ੀ ਹੋਣ ਬਾਅਦ ਜ਼ਵੈਲਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹਣ ਵਿਚ ਸਹਿਮਤੀ ਜਤਾਈ | ਇਸ ਮੌਕੇ ਮੈਂਬਰ ਦਰੇਵਜੀਤ ਠਾਕੁਰ ਪ੍ਰਧਾਨ ਸਰਾਫ਼ਾ ਐਸੋਸੀਏਸ਼ਨ, ਸਵਰਨਕਾਰ ਸੰਘ ਦੇ ਨੈਸ਼ਨਲ ਪ੍ਰਧਾਨ ਕਰਤਾਰ ਸਿੰਘ ਜੌੜਾ, ਜੀਵਨ ਗੋਇਲ ਪ੍ਰਧਾਨ ਬਠਿੰਡਾ ਵਪਾਰ ਮੰਡਲ, ਪ੍ਰਮੋਦ ਜੈਨ, ਸੁਧੀਰ ਜੈਨ, ਜਤਿੰਦਰ ਜੈਨ, ਪਵਨ ਸੇਠੀ, ਰਵੀ ਚਾਵਲਾ, ਕੇ ਸੂਦ ਆਦਿ ਮੈਂਬਰ ਹਾਜ਼ਰ ਸਨ |