ਭਗਤਾ ਭਾਈਕਾ, 20 ਮਈ (ਸੁਖਪਾਲ ਸਿੰਘ ਸੋਨੀ)- ਐਸ. ਐਸ. ਪੀ. ਬਠਿੰਡਾ ਅਤੇ ਡੀ. ਐਸ. ਪੀ. ਫੂਲ ਦੇ ਨਿਰਦੇਸ਼ਾਂ ਤਹਿਤ ਸਥਾਨਕ ਪੁਲਿਸ ਨੇ ਨਜ਼ਦੀਕੀ ਪਿੰਡ ਕੋਠਾ ਗੁਰੂ ਵਿਖੇ ਛਾਪੇਮਾਰੀ ਕਰਕੇ 40 ਗ੍ਰਾਮ ਹੈਰੋਇਨ ਸਮੇਤ ਦੋ ਨੂੰ ਦਬੋਚ ਲਿਆ ਹੈ, ਜਦਕਿ ਇਕ ਰਫ਼ੂ ਚੱਕਰ ਹੋ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਪੁਲਿਸ ਥਾਣੇ ਦੇ ਮੁਖੀ ਪਰਬਤ ਸਿੰਘ ਨੇ ਦੱਸਿਆ ਕਿ ਸਥਾਨਕ ਪੁਲਿਸ ਵਲੋਂ ਪਿੰਡ ਕੋਠਾ ਗੁਰੂ ਵਿਖੇ ਛਾਪੇਮਾਰੀ ਕੀਤੀ ਗਈ | ਇਸੇ ਦੌਰਾਨ ਹੀ ਪੁਲਿਸ ਨੇ 40 ਗ੍ਰਾਮ ਹੈਰੋਇਨ ਫੜਨ ਵਿਚ ਸਫ਼ਲਤਾ ਹਾਸਲ ਕੀਤੀ | ਐਸ. ਐਚ. ਓ. ਪਰਬਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਏ. ਐਸ. ਆਈ. ਪਰਮਜੀਤ ਸਿੰਘ ਦੀ ਅਗਵਾਈ ਹੇਠ ਕਥਿਤ ਦੋਸ਼ੀ ਗੁਰਸ਼ਵਿੰਦਰ ਸਿੰਘ, ਗੁਰਚਰਨ ਸਿੰਘ ਅਤੇ ਕੁਲਦੀਪ ਸਿੰਘ ਵਾਸੀਆਨ ਕੋਠਾ ਗੁਰੂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਗੁਰਸ਼ਵਿੰਦਰ ਸਿੰਘ, ਗੁਰਚਰਨ ਸਿੰਘ ਨੂੰ ਪੁਲਿਸ ਨੇ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ ਜਦਕਿ ਕੁਲਦੀਪ ਸਿੰਘ ਫ਼ਰਾਰ ਹੈ |