ਤਲਵੰਡੀ ਸਾਬੋ, 2 ਜੂਨ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ 'ਚ ਕਰੀਬ ਡੇਢ ਮਹੀਨਾ ਪਹਿਲਾਂ ਇਕ ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲੇ ਵਿਅਕਤੀ ਦੀ ਡੇਢ ਮਹੀਨਾ ਗੁਜ਼ਰ ਜਾਣ 'ਤੇ ਬਾਵਜੂਦ ਗਿ੍ਫਤਾਰੀ ਨਾ ਕਰਨ ਅਤੇ ਪਿੰਡ ਲਾਲੇਆਣਾ ਦੇ ਇਕ ਗਰੀਬ ਵਿਅਕਤੀ ਨਾਲ ਕੁੱਟਮਾਰ ਦੇ ਕਥਿਤ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ ਦੇ ਕਥਿਤ ਇਲਜ਼ਾਮ ਲਾਉਦਿਆਂ ਦਲਿਤ ਸੈਨਾ ਨੇ ਅੱਜ ਡੀ.ਐਸ.ਪੀ. ਦਫਤਰ ਤਲਵੰਡੀ ਸਾਬੋ ਅੱਗੇ ਸੰਕੇਤਕ ਧਰਨਾ ਲਾਉਦਿਆਂ ਪੰਜਾਬ ਸਰਕਾਰ ਅਤੇ ਡੀ.ਐੱਸ.ਪੀ. ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਦੌਰਾਨ ਦਲਿਤ ਸੈਨਾ ਪੰਜਾਬ ਦੇ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ ਨੇ ਦੱਸਿਆ ਕਿ ਪਿੰਡ ਲੇਲੇਵਾਲਾ ਦੀ ਇਕ ਨਾਬਾਲਿਗ ਲੜਕੀ ਨੂੰ ਝਾਂਸੇ ਨਾਲ ਨਸ਼ਾ ਕਰਵਾ ਕੇ ਉਸ ਨਾਲ ਜਬਰ ਜਨਾਹ ਕਰਨ ਵਾਲੇ ਕਥਿਤ ਦੋਸ਼ੀ ਖਿਲਾਫ਼ ਥਾਣਾ ਤਲਵੰਡੀ ਸਾਬੋ ਵਿਖੇ 17 ਅਪ੍ਰੈਲ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ, ਪਰ ਕਰੀਬ ਡੇਢ ਮਹੀਨੇ ਤੋਂ ਉੱਪਰ ਲੰਘ ਜਾਣ ਦੇ ਬਾਵਜੂਦ ਅੱਜ ਤੱਕ ਪੁਲਿਸ ਕਥਿਤ ਦੋਸ਼ੀ ਨੂੰ ਗਿ੍ਫਤਾਰ ਨਹੀਂ ਕਰ ਸਕੀ | ਉਨ੍ਹਾਂ ਕਥਿਤ ਦੋਸ਼ ਲਾਏ ਕਿ ਕਥਿਤ ਦੋਸ਼ੀ ਪੈਸੇ ਦੇ ਜ਼ੋਰ 'ਤੇ ਗਿ੍ਫਤਾਰੀ ਤੋਂ ਬਚ ਰਹੇ ਹਨ | ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਪਿੰਡ ਲਾਲੇਆਣਾ ਦੇ ਗਮਦੂਰ ਸਿੰਘ ਨਾਂਅ ਦੇ ਇਕ ਗਰੀਬ ਦੇ ਜ਼ਮੀਨੀ ਟੁਕੜੇ ਨੂੰ ਕਬਜ਼ਾਉਣ ਦੇ ਮੰਤਵ ਨਾਲ ਉਸ ਦੀ ਤੇ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਪਰ ਬਜਾਏ ਇਸ ਦੇ ਕਿ ਕਥਿਤ ਹਮਲਾਵਰਾਂ ਨੂੰ ਪੁਲਿਸ ਗਿ੍ਫਤਾਰ ਕਰਦੀ ਉਲਟਾ ਪੀੜਿਤ 'ਤੇ ਕਰਾਸ ਕੇਸ ਬਣਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਅੱਜ ਦਾ ਧਰਨ ਸੰਕੇਤਕ ਸੀ | ਜੇਕਰ ਜਲਦ ਦੋਵਾਂ ਕੇਸਾਂ 'ਚ ਪੁਲਿਸ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਵੱਡੇ ਪੱਧਰ 'ਤੇ ਸੰਘਰਸ਼ ਉਲੀਕਿਆ ਜਾਵੇਗਾ | ਪ੍ਰਦਰਸ਼ਨ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਮਾ. ਜਗਦੀਪ ਸਿੰਘ ਗੋਗੀ ਨੇ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੀ ਪੂਰੀ ਤਰ੍ਹਾਂ ਦਲਿਤ ਤੇ ਗਰੀਬ ਵਿਰੋਧੀ ਸਾਬਿਤ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਪੀੜਿਤਾਂ ਨੂੰ ਇਨਸਾਫ਼ ਦਵਾਇਆ ਜਾਵੇ | ਪ੍ਰਦਰਸ਼ਨ ਦੌਰਾਨ ਅਮਨਦੀਪ ਸਿੰਘ ਸਿਵੀਆ, ਰਣਜੀਤ ਸਿੰਘ, ਬਸਪਾ ਦੇ ਹਰਨੇਕ ਸਿੰਘ, ਡੀ.ਸੀ ਸਿੰਘ ਤਲਵੰਡੀ ਸਾਬੋ ਆਦਿ ਵੀ ਮੌਜੂਦ ਰਹੇ |
ਜਬਰ ਜਨਾਹ ਦੇ ਦੋਸ਼ੀ ਦੀ ਗਿ੍੍ਰਫਤਾਰੀ ਲਈ ਦਲਿਤ ਸੈਨਾ ਵਲੋਂ ਡੀ. ਐਸ. ਪੀ. ਦਫਤਰ ਅੱਗੇ ਧਰਨਾ
ਅਜੀਤ ਡੈਸਕ
03-06-2026