ਬੂਥ ਪੱਧਰ ’ਤੇ ਸਰਕਾਰ ਦੀਆਂ ਉਪਲਬਧੀਆਂ ਨੂੰ ਪ੍ਰਚਾਰਨ ਲਈ ਵਲੰਟੀਅਰ ਤਨਦੇਹੀ ਨਾਲ ਕੰਮ ਕਰਨ- ਵਿਧਾਇਕ ਸਿੰਗਲਾ
ਭੀਖੀ, 20 ਸਤੰਬਰ (ਬਲਕਾਰ ਸਿੰਘ ਸਹੋਤਾ)- ਆਮ ਆਦਮੀ ਪਾਰਟੀ ਵਲੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਸਥਾਨਕ ਬੀ. ਐਮ.
ਭੀਖੀ, 20 ਸਤੰਬਰ (ਬਲਕਾਰ ਸਿੰਘ ਸਹੋਤਾ)- ਆਮ ਆਦਮੀ ਪਾਰਟੀ ਵਲੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਸਥਾਨਕ ਬੀ.ਐਮ.ਜੀ ਰਿਜ਼ਾਰਟ ਵਿਖੇ ਵਿਧਾਨ ਸਭਾ ਹਲਕਾ ਮਾਨਸਾ ਦਾ ਬੂਥ ਸੰਮੇਲਨ ਅਤੇ ਵਰਕਰ ਮਿਲਣੀ ਕੀਤੀ ਗਈ, ਜਿਸ ’ਚ ਹਲਕੇ ਦੇ ਹਜ਼ਾਰ ਤੋਂ ਵਧੇਰੇ ਵਲੰਟੀਅਰ ਸ਼ਾਮਿਲ ਹੋਏ । ਸੰਮੇਲਨ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸਰਕਾਰ ਨੇ ਆਪਣੇ ਸਾਢੇ 4 ਸਾਲ ਦੇ ਕਾਰਜਕਾਲ ਦੌਰਾਨ ਸਾਰੀਆਂ ਗਰੰਟੀਆਂ ਹੀ ਨਹੀਂ ਪੂਰੀਆਂ ਕੀਤੀਆਂ ਸਗੋਂ ਪੂਰਨ ਪਾਰਦਰਸ਼ਤਾ ਤੇ ਜਵਾਬਦੇਹੀ ਨਾਲ ਸੂਬੇ ਦੇ ਵਿਕਾਸ ਤੋਂ ਇਲਾਵਾ 11 ਅਜਿਹੀਆਂ ਯੋਜਨਾਵਾਂ ਨੇਪਰੇ ਚਾੜ੍ਹੀਆਂ ਹਨ, ਜਿਸ ਸਦਕਾ ਹਰੇਕ ਪਰਿਵਾਰ ਨੂੰ ਕਰੀਬ 1 ਲੱਖ 75 ਹਜ਼ਾਰ ਰੁਪਏ ਦੇ ਵਿੱਤੀ ਲਾਭ ਪਹੁੰਚੇ ਹਨ । ਉਨ੍ਹਾਂ ਕਿਹਾ ਕਿ ਸੂਬੇ ਦੀਆਂ ਬੀਬੀਆਂ ਲਈ ਜਿੱਥੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਖਾਤੇ ’ਚ 1000 ਤੇ 1500 ਰੁਪਏ ਪਾਏ ਗਏ ਉੱਥੇ ਹੀ ਮੁਫ਼ਤ ਬਿਜਲੀ , ਔਰਤਾਂ ਲਈ ਮੁਫ਼ਤ ਸਫ਼ਰ, ਸਕੂਲੀ ਵਿਦਿਆਰਥੀਆਂ ਲਈ ਮੁਫ਼ਤ ਪੜ੍ਹਾਈ, ਬੁਢਾਪਾ ਪੈਨਸ਼ਨ, ਮੁਫ਼ਤ ਇਲਾਜ, ਰਾਸ਼ਨ, ਤੀਰਥ ਯਾਤਰਾ ਆਦਿ ਅਜਿਹੀਆਂ ਯੋਜਨਾਵਾਂ ਹਨ, ਜਿਨ੍ਹਾਂ ਨਾਲ ਸਮਾਜ ਦੇ ਹਰ ਵਰਗ ਨੂੰ ਸਿੱਧਾ ਲਾਹਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਮਿਆਰੀ ਸਿੱਖਿਆਂ ਮੁਹੱਈਆ ਕਰਵਾਉਣ ’ਚ ਦੇਸ਼ ਭਰ ’ਚ ਅੱਵਲ ਹੈ ਅਤੇ ਰਾਜ ਦੇ 86 ਫ਼ੀਸਦੀ ਰਕਬੇ ਤੱਕ ਨਹਿਰੀ ਪਾਣੀ ਪਹੁੰਚਾਉਣ ’ਚ ਵੀ ਸਰਕਾਰ ਕਾਮਯਾਬ ਹੋਈ ਹੈ। ਵਿਧਾਇਕ ਨੇ ਕਿਹਾ ਕਿ ਅਕਸਰ ਮਾਨਸਾ ਸ਼ਹਿਰ ਸੀਵਰੇਜ ਦੇ ਪਾਣੀ ਤੋਂ ਪ੍ਰਭਾਵਿਤ ਹੁੰਦਾ ਸੀ ਪ੍ਰੰਤੂ 46 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਣੀ ਦੀ ਨਿਕਾਸੀ ਦੇ ਸਥਾਈ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਭੀਖੀ , ਜੋਗਾ ਤੇ ਸਮੂਹ ਪਿੰਡਾ ’ਚ ਵੀ ਵਿਕਾਸ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ। ਉਨ੍ਹਾਂ ਆਖਿਆ ਕਿ ਬੂਥ ਇੰਚਾਰਜ ਪਾਰਟੀ ਵਲੋਂ ਮਿਥੇ ਪ੍ਰੋਗਰਾਮ ਅਨੁਸਾਰ ਹਰ ਘਰ ਤੱਕ ਪਹੁੰਚ ਕਰ ਕੇ ਮਾਨ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਵਿਸਥਾਰਤ ਚਰਚਾ ਕਰਨ ਅਤੇ ਹਰ ਘਰ ਤੋਂ ਪਾਰਟੀ ਦਾ ਮੈਂਬਰ ਬਣਾਉਣ ਦੇ ਯਤਨ ਕੀਤੇ ਜਾਣ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ, ਸੀਨੀਅਰ ਆਗੂ ਚਰਨਜੀਤ ਸਿੰਘ ਅੱਕਾਵਾਲੀ, ਮਾਰਕਿਟ ਕਮੇਟੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਭੂਸ਼ਨ ਕੁਮਾਰ ਮੱਤੀ, ਨਗਰ ਪੰਚਾਇਤ ਦੀ ਪ੍ਰਧਾਨ ਸੁਖਪ੍ਰੀਤ ਕੌਰ, ਸੀਨੀਅਰ ਮੀਤ ਪ੍ਰਧਾਨ ਪੱਪੀ ਸਿੰਘ, ਮੀਤ ਪ੍ਰਧਾਨ ਪਰਮਿੰਦਰ ਸਿੰਘ ਗੋਰਾ, ਸਰਪੰਚ ਡਾ. ਜਤਿੰਦਰ ਸਿੰਘ ਸਮਾਓਂ, ਆਪ ਆਗੂ ਸੁਖਦੇਵ ਸਿੰਘ ਸੁੱਖਾ, ਇੰਦਰਜੀਤ ਸਿੰਘ ਉੱਭਾ, ਰਮੇਸ਼ ਕੁਮਾਰ ਖ਼ਿਆਲਾ, ਸੀਮਾ ਰਾਣੀ, ਚਰਨਜੀਤ ਕੌਰ, ਕੌਂਸਲਰ ਰਜਿੰਦਰ ਕੌਰ, ਅੰਮ੍ਰਿਤਪਾਲ ਕੌਰ, ਸ਼ਰਨਜੀਤ ਕੌਰ, ਬੀਨਾ ਅਗਰਵਾਲ, ਰਾਜੂ ਕੌਰ ਆਦਿ ਹਾਜ਼ਰ ਸਨ।