ਬਰਸੀ ’ਤੇ ਵਿਸ਼ੇਸ਼- ਲੋਕ ਪੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਵਾਲਾ ਆਗੂ ਕਾਮਰੇਡ ਅਰਜਨ ਸਿੰਘ
ਬਠਿੰਡਾ- ਕਾਮਰੇਡ ਅਰਜਨ ਸਿੰਘ ਦਾ ਜਨਮ 5 ਸਤੰਬਰ 1916 ਈ. ਨੂੰ ਸੂਬੇਦਾਰ ਸ.
ਬਠਿੰਡਾ- ਕਾਮਰੇਡ ਅਰਜਨ ਸਿੰਘ ਦਾ ਜਨਮ 5 ਸਤੰਬਰ 1916 ਈ. ਨੂੰ ਸੂਬੇਦਾਰ ਸ. ਕਿਸ਼ਨ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਪਿੰਡ ਬਿਲਾਸਪੁਰ (ਮੋਗਾ) ਵਿਖੇ ਹੋਇਆ। ਇਹ ਉਹ ਸਮਾਂ ਸੀ, ਜਦੋਂ ਦੇਸ਼ ਗ਼ੁਲਾਮੀ ਅਧੀਨ ਸੀ ਤੇ ਸੰਗਰਾਮੀਏ ਆਜ਼ਾਦੀ ਲਈ ਸੰਘਰਸ਼ ਦੇ ਰਾਹ ਤੁਰੇ ਹੋਏ ਸਨ। ਅਰਜਨ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਦੇ ਮਿਡਲ ਸਕੂਲ ਤੋਂ ਅਤੇ ਉਚੇਰੀ ਸਿੱਖਿਆ ਭੁਪਿੰਦਰਾ ਖ਼ਾਲਸਾ ਸੈਕੰਡਰੀ ਸਕੂਲ ਮੋਗਾ ਤੋਂ ਪ੍ਰਾਪਤ ਕੀਤੀ, ਕਿਉਂਕਿ ਉਨ੍ਹਾਂ ਦੇ ਪਿਤਾ ‘ਸਰਦਾਰ ਬਹਾਦਰ’ ਕਿਸ਼ਨ ਸਿੰਘ ਦੀ ਧਾਰਨਾ ਸੀ ਕਿ ਜੇਕਰ ਦੇਸ਼ ਨੂੰ ਬਰਤਾਨਵੀ ਸਾਮਰਾਜ ਤੋਂ ਮੁਕਤ ਕਰਵਾਉਣਾ ਹੈ ਤਾਂ ਸਿੱਖਿਆ ਰਾਹੀਂ ਲੋਕ ਚੇਤਨਾ ਪੈਦਾ ਕਰਨੀ ਜ਼ਰੂਰੀ ਹੈ। ਕਾਮਰੇਡ ਅਰਜਨ ਸਿੰਘ ਨੇ ਇਕ ਸਤੰਬਰ 1938 ਨੂੰ 22 ਸਾਲ ਦੀ ਉਮਰ ਵਿਚ ਫ਼ੌਜ ਵਿਚ ਬਤੌਰ ਰੇਂਜਰ ਸੇਵਾ ਸ਼ੁਰੂ ਕੀਤੀ ਤੇ ਸੂਬੇਦਾਰ ਦੇ ਅਹੁਦੇ ‘ਤੇ ਪਹੁੰਚੇ। ਉਨ੍ਹਾਂ ਨੂੰ ਦੇਸ਼ ਦੀ ਗੁਲਾਮੀ ਹਰ ਸਮੇਂ ਸਤਾਉਂਦੀ ਸੀ, ਜਿਸ ਕਰਕੇ 31 ਅਗਸਤ 1945 ਵਿਚ ਉਹ ਜੇ.ਏ.ਐਮ. ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਪਰੰਤ ਤੁਰੰਤ ਭਾਰਤੀ ਕਮਿਊਨਿਸਟ ਪਾਰਟੀ ਰਾਹੀਂ ਰਾਜਨੀਤਕ ਗਤੀਵਿਧੀਆਂ ਵਿਚ ਮੋਹਰੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ, ਉਨ੍ਹਾਂ ਨੇ ਗ਼ਰੀਬਾਂ, ਦਲਿਤਾਂ ਤੇ ਸਮਾਜ ਦੇ ਦੁਰਕਾਰੇ ਲੋਕਾਂ ਨੂੰ ਇਕੱਠੇ ਕਰਕੇ ‘ਖੇਤ ਮਜ਼ਦੂਰ ਸਭਾ’ ਦੇ ਰੂਪ ਵਿਚ ਲੋਕ ਚੇਤਨਾ ਪੈਦਾ ਕਰਨੀ ਸ਼ੁਰੂ ਕੀਤੀ, ਪਿੱਛੋਂ ਉਨ੍ਹਾਂ ਨੂੰ ਖੇਤ ਮਜ਼ਦੂਰ ਸਭਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਰਾਜਨੀਤਕ ਗਤੀਵਿਧੀਆਂ ਦੇ ਨਾਲ-ਨਾਲ ਉਨ੍ਹਾਂ ਨ ੇ ਪਰਿਵਾਰਕ ਜ਼ਿੰਮੇਵਾਰੀਆਂ ਵੱਲ ਵੀ ਧਿਆਨ ਦਿੰਦਿਆਂ ਆਰਥਿਕ ਤੰਗੀਆਂ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਯੋਗ ਸਿੱਖਿਆ ਹਾਸਲ ਕਰਵਾਈ। ਕਾਮਰੇਡ ਅਰਜਨ ਸਿੰਘ ਨੇ ਪਾਰਟੀ ਵਿਚ ਅਣਥੱਕ ਸੇਵਾ ਕੀਤੀ ਜਿਸ ਸਦਕਾ ਉਨ੍ਹਾਂ ਨੂੰ 1957 ਵਿਚ ਜੁਆਇੰਟ ਅਸੰਬਲੀ (ਅਨੁਸੂਚਿਤ ਜਾਤੀ ਤੇ ਜਨਰਲ) ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ। ਉਹ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਵੀ ਰਹੇ। ਉਨ੍ਹਾਂ ਨੇ ਚੋਣ ਉਪਰੰਤ ਕਮਿਊਨਿਸਟ ਲਹਿਰ ਨੂੰ ਉਭਾਰਿਆ ਤੇ ਇਕ ਵੱਡੇ ਕਮਿਊਨਿਸਟ ਆਗੂ ਬਣ ਕੇ ਸਾਹਮਣੇ ਆਏ। ਕਾਮਰੇਡ ਅਰਜਨ ਸਿੰਘ ਲੋਕ ਪੱਖੀ ਸਿਧਾਂਤਾਂ ‘ਤੇ ਪਹਿਰਾ ਦਿੰਦਿਆਂ 25-26 ਸਤੰਬਰ 1978 ਦੀ ਰਾਤ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਕਾਮਰੇਡ ਅਰਜਨ ਸਿੰਘ ਨੇ ਆਪਣੀ ਪਤਨੀ ਸੰਤ ਕੌਰ ਨੂੰ ਵੀ ਲੋਕ-ਪੱਖੀ ਕਦਰਾਂ ਕੀਮਤਾਂ ਨਾਲ ਜੋੜੀ ਰੱਖਿਆ। ਕਾਮਰੇਡ ਅਰਜਨ ਸਿੰਘ ਨੇ ਸਾਰੀ ਉਮਰ ਦੱਬੇ ਕੁਚਲੇ ਲੋਕਾਂ ਦੀ ਸੇਵਾ ਲਈ ਲੜਾਈ ਲੜੀ ਤੇ ਉਨ੍ਹਾਂ ਦੇ ਸੰਘਰਸ਼ ਦੀ ਗੂੰਜ ਉਨ੍ਹਾਂ ਦੇ ਸਪੁੱਤਰ ਅਜਾਇਬ ਸਿੰਘ ਭੱਟੀ ਦੇ ਕੰਮਾਂ ਵਿਚੋਂ ਵੀ ਸੁਣਾਈ ਦਿੰਦੀ ਹੈ। ਅਜਾਇਬ ਸਿੰਘ ਭੱਟੀ 1985 ਵਿਚ ਪੀ.ਸੀ.ਐੱਸ. ਚੁਣੇ ਗਏ ਤੇ 22 ਸਾਲ ਵਿਭਿੰਨ ਅਹੁਦਿਆਂ ‘ਤੇ ਪ੍ਰਮੁੱਖ ਭੂਮਿਕਾ ਨਿਭਾਈ। ਅਜੇ ਉਨ੍ਹਾਂ ਦੀ ਨੌਕਰੀ ਦੀ 4 ਸਾਲ ਦੀ ਸੇਵਾ ਰਹਿੰਦੀ ਸੀ, ਉਨ੍ਹਾਂ ਨੇ ਪੰਜਾਬ ਸਰਕਾਰ ਵਿਚ ਉੱਚ ਅਹੁਦੇ ‘ਤੇ ਸੇਵਾ ਕਰਨ ਮਗਰੋਂ ਤਿੰਨ ਵਾਰ ਐੱਮ.ਐੱਲ.ਏ. ਚੁਣੇ ਗਏ ਤੇ 2017 ਵਿਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ‘ਤੇ ਬਿਰਾਜਮਾਨ ਹੋਏ। ਕਾਮਰੇਡ ਅਰਜਨ ਸਿੰਘ ਦੇ ਦੂਜੇ ਬੇਟੇ ਸੁਖਮੰਦਰ ਸਿੰਘ ਭੱਟੀ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਵਿਭਾਗ ਵਿਚੋਂ ਬਤੌਰ ਜ਼ਿਲ੍ਹਾ ਕੰਟਰੋਲਰ ਅਤੇ ਇਕ ਬੇਟਾ ਸੁਰਜੀਤ ਸਿੰਘ ਮਹਿਕਮਾ ਮਾਲ ਤੋਂ ਕਾਨੂੰਗੋ ਸੇਵਾਮੁਕਤ ਹੋਇਆ। 26 ਸਤੰਬਰ 2026 ਦਿਨ ਸ਼ਨੀਵਾਰ ਨੂੰ ਕਾਮਰੇਡ ਅਰਜਨ ਸਿੰਘ ਦੀ 48ਵੀਂ ਬਰਸੀ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਜੀਵਨ ਪ੍ਰਕਾਸ਼, ਮਾਡਲ ਟਾਊਨ ਫ਼ੇਜ਼-1, ਬਠਿੰਡਾ ਵਿਖੇ ਸਵੇਰੇ 10:00 ਵਜੇ ਤੋਂ 11: 30 ਵਜੇ ਤੱਕ ਪਾਇਆ ਜਾਵੇਗਾ। - ਅੰਮ੍ਰਿਤਪਾਲ ਸਿੰਘ ਵਲ੍ਹਾਣ