ਬਠਿੰਡਾ ਨਗਰ ਨਿਗਮ ਕੋਲ ਹੱਥ ਰੇਹੜੀਆਂ ਸੰਬੰਧੀ ਨਿਯਮਾਂ ਦਾ ਨਹੀਂ ਕੋਈ ਰਿਕਾਰਡ ਸ਼ਹਿਰ ਵਿਚ ਹਜ਼ਾਰਾਂ ਰੇਹੜੀਆਂ ਲੱਗਣ ਦਾ ਅਨੁਮਾਨ, ਟਰੈਫ਼ਿਕ ਜਾਮ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਤੇ ਵਪਾਰੀ ਪ੍ਰੇਸ਼ਾਨ
ਬਠਿੰਡਾ, 25 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਵਿਚ ਰੇਹੜੀ-ਫੜ੍ਹੀ ਵਾਲਿਆਂ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਗਰ ਨਿਗਮ ਵਲੋਂ ਸਟਰੀਟ ਵੈਂਡਰ ਜ਼ੋਨ ਬਣਾਉਣ ਦੀ ਯੋਜਨਾ ਬਾਰੇ ਕਈ ਵਾਰ ਗੱਲ ਕੀਤੀ ਗਈ, ਪਰ ਅਜੇ ਤੱਕ ਇਸ ਨੂੰ ਅਮਲੀ ਰੂਪ ਨਾ ਦਿੱਤੇ ਜਾਣ ਕਾਰਨ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਠਿੰਡਾ, 25 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਵਿਚ ਰੇਹੜੀ-ਫੜ੍ਹੀ ਵਾਲਿਆਂ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਗਰ ਨਿਗਮ ਵਲੋਂ ਸਟਰੀਟ ਵੈਂਡਰ ਜ਼ੋਨ ਬਣਾਉਣ ਦੀ ਯੋਜਨਾ ਬਾਰੇ ਕਈ ਵਾਰ ਗੱਲ ਕੀਤੀ ਗਈ, ਪਰ ਅਜੇ ਤੱਕ ਇਸ ਨੂੰ ਅਮਲੀ ਰੂਪ ਨਾ ਦਿੱਤੇ ਜਾਣ ਕਾਰਨ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ, ਗਲੀਆਂ, ਚੌਕਾਂ ਅਤੇ ਬਾਜ਼ਾਰਾਂ ਵਿਚ ਰੇਹੜੀਆਂ ਲੱਗਣ ਕਾਰਨ ਟ੍ਰੈਫਿਕ ਜਾਮ ਅਤੇ ਰਸਤਾ ਰੁਕਣ ਦੀਆਂ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਰੇਹੜੀ-ਫੜੀ ਵਾਲਿਆਂ ਅਤੇ ਨਾਜਾਇਜ਼ ਕਬਜ਼ਿਆਂ ਦੇ ਮੁੱਦੇ ‘ਤੇ ਵੱਖ-ਵੱਖ ਸਮਿਆਂ ਦੌਰਾਨ ਵਿਰੋਧ ਪ੍ਰਦਰਸ਼ਨ ਵੀ ਹੋ ਚੁੱਕੇ ਹਨ। ਪਿਛਲੇ ਹਫ਼ਤੇ ਕੀਕਰ ਬਾਜ਼ਾਰ ਦੇ ਵਪਾਰੀਆਂ ਵਲੋਂ ਆਰਿਆ ਸਮਾਜ ਚੌਕ ‘ਚ ਰੇਹੜੀਆਂ ਅਤੇ ਕਬਜ਼ਿਆਂ ਦੇ ਵਿਰੋਧ ਵਿਚ ਕਈ ਘੰਟਿਆਂ ਤੱਕ ਧਰਨਾ ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਦੱਸਿਆ ਗਿਆ ਕਿ ਇਸ ਦੌਰਾਨ ਤਣਾਅ ਵੱਧਣ ਦੀ ਸਥਿਤੀ ਬਣ ਗਈ ਸੀ, ਪਰ ਮੌਕੇ ‘ਤੇ ਮੌਜੂਦ ਪੁਲਿਸ ਨੇ ਹਾਲਾਤ ਸੰਭਾਲ ਲਏ। ਆਰ.ਟੀ.ਆਈ. ਅਤੇ ਐਫਿਡੇਵਿਟ ਰਾਹੀਂ ਹੋਇਆ ਅਹਿਮ ਖ਼ੁਲਾਸਾ ਬਠਿੰਡਾ ਵਾਸੀ ਅਮਿਤ ਗੁਪਤਾ ਵਲੋਂ 20 ਜੁਲਾਈ 2023 ਨੂੰ ਸੂਚਨਾ ਦਾ ਅਧਿਕਾਰ ਕਾਨੂੰਨ, 2005 ਤਹਿਤ ਨਗਰ ਨਿਗਮ ਬਠਿੰਡਾ ਕੋਲ ਅਰਜ਼ੀ ਦਾਇਰ ਕਰਕੇ ਚਲਦੀਆਂ ਹੱਥ ਰੇਹੜੀਆਂ ਸਬੰਧੀ ਮੌਜੂਦ ਨਿਯਮਾਂ, ਸ਼ਰਤਾਂ ਅਤੇ ਹੋਰ ਰਿਕਾਰਡ ਬਾਰੇ ਜਾਣਕਾਰੀ ਮੰਗੀ ਗਈ ਸੀ। ਜਾਣਕਾਰੀ ਨਾ ਮਿਲਣ ਕਾਰਨ ਪਹਿਲੀ ਅਪੀਲ ਅਤੇ ਬਾਅਦ ਵਿਚ ਪੰਜਾਬ ਰਾਜ ਸੂਚਨਾ ਕਮਿਸ਼ਨ, ਚੰਡੀਗੜ੍ਹ ਕੋਲ ਦੂਜੀ ਅਪੀਲ ਦਾਇਰ ਕੀਤੀ ਗਈ। 6 ਅਗਸਤ 2026 ਨੂੰ ਸੁਣਵਾਈ ਦੌਰਾਨ ਨਗਰ ਨਿਗਮ ਵਲੋਂ ਦੱਸਿਆ ਗਿਆ ਕਿ ਚੱਲਦੀਆਂ ਹੱਥ ਰੇਹੜੀਆਂ ਸਬੰਧੀ ਨਿਯਮਾਂ ਅਤੇ ਸ਼ਰਤਾਂ ਦਾ ਰਿਕਾਰਡ ਉਪਲਬਧ ਨਹੀਂ ਹੈ। ਇਸ ਤੋਂ ਬਾਅਦ ਕਮਿਸ਼ਨ ਵਲੋਂ ਅਗਲੀ ਸੁਣਵਾਈ 22 ਅਕਤੂਬਰ 2026 ਤੋਂ ਪਹਿਲਾਂ ਐਫੀਡੇਵਿਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ। ਜਾਣਕਾਰੀ ਮੁਤਾਬਿਕ, ਨਗਰ ਨਿਗਮ ਦੇ ਸੁਪਰਡੈਂਟ ਗ੍ਰੇਡ-2 ਪ੍ਰਦੀਪ ਕੁਮਾਰ ਵਲੋਂ ਪੱਤਰ ਨੰਬਰ 10, ਮਿਤੀ 21 ਅਕਤੂਬਰ 2026 ਰਾਹੀਂ ਲਾਇਸੈਂਸ ਸ਼ਾਖਾ ਦੇ ਰਿਕਾਰਡ ਵਿਚ ਮੰਗੀ ਗਈ ਜਾਣਕਾਰੀ ਉਪਲਬਧ ਨਾ ਹੋਣ ਸਬੰਧੀ ਨੋਟਰੀਸ਼ੁਦਾ ਐਫੀਡੇਵਿਟ ਦਿੱਤਾ ਗਿਆ। ਇਸ ਖ਼ੁਲਾਸੇ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਜੇਕਰ ਹੱਥ ਰੇਹੜੀਆਂ ਸਬੰਧੀ ਨਿਯਮਾਂ ਅਤੇ ਸ਼ਰਤਾਂ ਦਾ ਰਿਕਾਰਡ ਹੀ ਉਪਲਬਧ ਨਹੀਂ, ਤਾਂ ਸ਼ਹਿਰ ਵਿਚ ਰੇਹੜੀਆਂ ਦੀ ਰਜਿਸਟਰੇਸ਼ਨ, ਲਾਇਸੈਂਸਿੰਗ ਅਤੇ ਉਨ੍ਹਾਂ ਦੇ ਪ੍ਰਬੰਧਨ ਦੀ ਨਿਗਰਾਨੀ ਕਿਵੇਂ ਕੀਤੀ ਜਾ ਰਹੀ ਹੈ? ਸ਼ਹਿਰ ਵਿਚ ਲਗਭਗ 10 ਹਜ਼ਾਰ ਰੇਹੜੀਆਂ ਹੋਣ ਦਾ ਅਨੁਮਾਨ ਸੰਜੀਵ ਗੋਇਲ ਦੇ ਅਨੁਮਾਨ ਮੁਤਾਬਿਕ, ਮੌਜੂਦਾ ਸਮੇਂ ਬਠਿੰਡਾ ਸ਼ਹਿਰ ਵਿਚ ਲਗਭਗ 10,000 ਰੇਹੜੀ-ਫੜੀ ਵਾਲੇ ਹੋ ਸਕਦੇ ਹਨ। ਹਾਲਾਂਕਿ, ਇਹ ਅੰਕੜਾ ਅਧਿਕਾਰਤ ਸਰਵੇਖਣ ‘ਤੇ ਆਧਾਰਿਤ ਨਹੀਂ ਹੈ। ਉਨ੍ਹਾਂ ਮੁਤਾਬਿਕ, ਕਈ ਸਾਲ ਪਹਿਲਾਂ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਵੀ ਲਗਭਗ 5,000 ਰੇਹੜੀਆਂ ਹੋਣ ਦਾ ਅਨੁਮਾਨ ਦਰਜ ਕੀਤਾ ਗਿਆ ਸੀ। ਜਦਕਿ ਹੁਣ ਸ਼ਹਿਰ ਦੇ ਕੋਰਟ ਰੋਡ, ਸਬਜ਼ੀ ਮੰਡੀ ਦੇ ਬਾਹਰ, ਰਾਜਿੰਦਰਾ ਕਾਲਜ ਨੇੜੇ, ਦਾਣਾ ਮੰਡੀ ਰੋਡ, ਅਮਰੀਕ ਸਿੰਘ ਰੋਡ, ਮਾਲ ਰੋਡ, ਸਦਰ ਬਾਜ਼ਾਰ, ਹਸਪਤਾਲ ਬਾਜ਼ਾਰ, ਸਿਰਕੀ ਬਾਜ਼ਾਰ, ਕੀਕਰ ਬਾਜ਼ਾਰ, ਬੈਂਕ ਬਾਜ਼ਾਰ, ਪਰਸ ਰਾਮ ਨਗਰ, ਫਾਇਰ ਬ੍ਰਿਗੇਡ ਚੌਕ ਨੇੜੇ, ਪਾਵਰ ਹਾਊਸ ਰੋਡ, ਜੀ.ਟੀ. ਰੋਡ, ਸਿਵਲ ਹਸਪਤਾਲ ਨੇੜੇ, ਪੁਲਿਸ ਲਾਈਨਜ਼, ਬੱਸ ਸਟੈਂਡ ਦੇ ਪਿੱਛੇ ਅਤੇ ਹੋਰ ਕਈ ਇਲਾਕਿਆਂ ਵਿਚ ਰੇਹੜੀਆਂ-ਫੜੀਆਂ ਲੱਗ ਰਹੀਆ ਹਨ।