ਮੋਟਰਸਾਈਕਲ ਸਵਾਰਾਂ ਨੇ ਝੱਪਟ ਮਾਰ ਕੇ ਐਕਟਿਵਾ ਸਵਾਰ ਦੀ ਜੇਬ ਕੱਟੀ
ਸਾਦਿਕ , 6 ਨਵੰਬਰ ( ਆਰ . ਐਸ .
ਸਾਦਿਕ , 6 ਨਵੰਬਰ ( ਆਰ . ਐਸ . ਧੁੰਨਾ )- ਪੰਜਾਬ ਅੰਦਰ ਦਿਨੋਂ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹਰ ਕੋਈ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਿਹਾ ਹੈ । ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਲੋਕ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਦੇ ਚਾਅ ਨਾਲ ਆਉਂਦੇ ਹਨ , ਪਰ ਕਈ ਵਾਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਖਾਲੀ ਹੱਥ ਹੀ ਘਰਾਂ ਨੂੰ ਪਰਤਣਾ ਪੈਂਦਾ ਹੈ ਭਾਵ ਗੁੰਡਾ ਅਨਸਰਾਂ ਵਲੋਂ ਉਨ੍ਹਾਂ ਦੀ ਨਕਦੀ ਤੇ ਹੋਰ ਸਮਾਨ ਚੋਰੀ ਕਰ ਲਿਆ ਜਾਂਦਾ ਹੈ । ਅਜਿਹੀ ਹੀ ਲੁੱਟ ਦੀ ਇਕ ਵਾਰਦਾਤ ਸਥਾਨਕ ਗੁਰੂਹਰਸਹਾਏ ਵਾਲੀ ਸੜਕ ’ ਤੇ ਹੋਈ ਜਿਸ ਵਿਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਐਕਟਿਵਾ ਸਵਾਰ ਦੀ ਜੇਬ ਕੱਟ ਲਈ ਤੇ ਫਰਾਰ ਹੋ ਗਏ । ਜਾਣਕਾਰੀ ਅਨੁਸਾਰ ਬਲਜੀਤ ਸਿੰਘ ਸੰਧੂ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸਾਦਿਕ ਆਪਣੀ ਐਕਟਿਵਾ ਸਕੂਟਰੀ ’ ਤੇ ਪਿੰਡ ਤੋਂ ਬਾਜ਼ਾਰ ਵੱਲ ਆ ਰਿਹਾ ਸੀ ਤੇ ਜਦੋਂ ਉਹ ਚੌਂਕ ਦੇ ਨੇੜੇ ਪੁੱਜਾ ਤਾਂ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਫੁਰਤੀ ਨਾਲ ਉਸ ਦੀ ਐਕਟਿਵਾ ਚਲਾਉਂਦੇ ਦੀ ਹੀ ਜੇਬ ਕੱਟ ਲਈ ਤੇ ਫਰਾਰ ਹੋ ਗਏ । ਇਸ ਮੌਕੇ ਸਹਿਮੇ ਹੋਏ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਕਮੀਜ਼ ਦੀ ਜੇਬ ( ਗੀਝੇ ) ਵਿਚ ਕਰੀਬ 7000 ਰੁਪਏ ਦੀ ਰਾਸ਼ੀ ਸੀ ਤੇ ਕੁਝ ਜ਼ਰੁਰੀ ਕਾਗਜ਼ਾਤ ਵੀ ਸਨ ਜੋ ਲੁਟੇਰੇ ਲੈ ਗਏ ਹਨ ਨਾਲ ਜਿੱਥੇ ਉਸ ਦਾ ਆਰਥਿਕ ਨੁਕਸਾਨ ਹੋਇਆ ਹੈ , ਉੱਥੇ ਉਸ ਨੂੰ ਆਪਣੇ ਕਾਗਜ਼ਾਤ ਵੀ ਦੁਬਾਰਾ ਬਣਵਾਉਣੇ ਪੈਣਗੇ ਨਾਲ ਖੱਜਲ ਖੁਆਰੀ ਵੀ ਵਧੇਗੀ ।