ਮਲੌਦ, 1 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਬੇਰਕਲਾਂ ਵਿਖੇ ਨਗਰ ਖੇੜੇ ਦੀ ਸੁੱਖ ਸ਼ਾਂਤੀ ਅਤੇ ਨਵੇ ਵਰ੍ਹੇ ਦੀ ਆਮਦ ਨੂੰ ਮੁੱਖ ਰੱਖਦਿਆਂ ਦੁਨੀਆਂ ਦੇ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦਾ ਥਾਂ-ਥਾਂ 'ਤੇ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸਤਿਨਾਮ-ਵਾਹਿਗੁਰੂ ਦਾ ਸਿਮਰਨ ਕਰਦੀਆਂ ਸੰਗਤਾਂ ਲਈ ਵੱਖ-ਵੱਖ ਪੜਾਵਾਂ 'ਤੇ ਚਾਹ, ਬਰੈੱਡ, ਪਕੌੜਿਆਂ, ਫਲ ਫਰੂਟਾਂ ਤੇ ਮਠਿਆਈਆਂ ਦੇ ਲੰਗਰ ਵਰਤਾਏ ਗਏ | ਰਾਗੀ ਸਿੰਘਾਂ ਵਲੋਂ ਸੰਗਤਾਂ ਨੂੰ ਗੁਰਇਤਿਹਾਸ ਸੁਣਾਕੇ ਨਿਹਾਲ ਕੀਤਾ ਗਿਆ | ਨਗਰ ਕੀਰਤਨ ਮੌਕੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇਣ ਦੀਆਂ ਸੇਵਾਵਾਂ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਅਤੇ ਨਿਰਭੈ ਸਿੰਘ ਗਿੱਲ ਵਲੋਂ ਨਿਭਾਈਆਂ ਗਈਆਂ | ਕਵੀਸ਼ਰੀ ਜਥੇ ਵਲੋਂ ਸਿੱਖ ਇਤਿਹਾਸ ਦੀਆਂ ਵਾਰਾਂ ਸੁਣਾਕੇ ਲੋਕਾਂ ਨੂੰ ਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਹੋਰਨਾਂ ਤੋ ਇਲਾਵਾ ਗੁਰਮੇਲ ਸਿੰਘ ਗਿੱਲ, ਪਲਵਿੰਦਰ ਸਿੰਘ ਬਿੰਦੀ ਟਿੱਬਾ, ਜਗਦੇਵ ਸਿੰਘ ਫ਼ੌਜੀ, ਹਰਪ੍ਰੀਤ ਸਿੰਘ ਪੀਤਾ, ਜਗਤਾਰ ਸਿੰਘ, ਅਮਰੀਕ ਸਿੰਘ ਪੰਚ, ਜੱਗਾ ਸਿੰਘ, ਧਲਵੰਤ ਸਿੰਘ, ਜਗਮੋਹਨ ਸਿੰਘ ਤੋ ਇਲਾਵਾ ਪਿੰਡ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ |