ਖੰਨਾ, 2 ਜਨਵਰੀ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਵਿਚ ਸੀ. ਐੱਚ. ਸੀ. ਮਾਨੂੰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਵਲੋਂ ਵਧ ਰਹੀ ਸਰਦੀ ਨੂੰ ਮੁੱਖ ਰੱਖਦੇ ਹੋਏ ਇਸ ਮੌਸਮ ਵਿਚ ਬਿਮਾਰੀਆਂ ਤੋਂ ਬਚਾਅ ਲਈ ਖ਼ਾਸ ਸਾਵਧਾਨੀਆਂ ਵਰਤਣ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਸਮੇਂ ਡਾ. ਸੁਦੀਪ ਸਿੱਧੂ ਨੇ ਕਿਹਾ ਕਿ ਸਰਦੀ ਵਿਚ ਜ਼ਿਆਦਾਤਰ ਸਾਡੇ ਬਜ਼ੁਰਗ ਅਤੇ ਛੋਟੇ ਬੱਚੇ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ | ਉਨ੍ਹਾਂ ਨੂੰ ਸਰਦੀ ਲੱਗਣ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ | ਇਸ ਲਈ ਬਜ਼ੁਰਗ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਢ ਅਤੇ ਧੁੰਦ ਹੋਣ 'ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ | ਛੋਟੇ ਬੱਚਿਆਂ ਨੂੰ ਇਸ ਮੌਸਮ ਵਿਚ ਨਿਮੋਨੀਆ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਅਤੇ ਠੰਢ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀਆਂ ਵੀ ਲੱਗ ਸਕਦੀਆਂ ਹਨ | ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖ਼ਾਸ ਧਿਆਨ ਦਿੰਦੇ ਹੋਏ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ 'ਤੇ ਟੋਪੀ ਅਤੇ ਪੈਰਾਂ ਵਿਚ ਜੁਰਾਬਾਂ ਜ਼ਰੂਰ ਪਾਈਆਂ ਜਾਣ | ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਵਿਚ ਘਰਾਂ ਵਿਚ ਬੰਦ ਕਮਰੇ ਵਿਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ ਕਿਉਂਕਿ ਇਸ ਤਰਾਂ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ | ਇਸ ਸਮੇਂ ਡਾ. ਸਤਿਆਜੀਤ ਸਿੰਘ ਅਤੇ ਬੀ. ਈ. ਈ. ਗੁਰਦੀਪ ਸਿੰਘ ਨੇ ਦੱਸਿਆ ਕਿ ਅਸਥਮਾ ਅਤੇ ਸਾਹ ਦੀ ਬਿਮਾਰੀ ਦੇ ਮਰੀਜ਼ ਬਹੁਤੀ ਠੰਢ ਹੋਣ 'ਤੇ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਅਤੇ ਖ਼ੁਰਾਕ ਵਿਚ ਵੀ ਗਰਮ ਚੀਜ਼ਾਂ ਜਿਵੇਂ ਸੂਪ, ਚਾਹ, ਕਾਫੀ, ਸੰਤੁਲਿਤ ਖ਼ੁਰਾਕ ਦਾ ਸੇਵਨ ਕਰਨ | ਇਸ ਮੌਸਮ ਵਿਚ ਗਰਮ ਕੱਪੜੇ ਦੋ ਜਾਂ ਤਿੰਨ ਪਰਤਾਂ ਵਿਚ ਪਾਏ ਜਾਣ ਤਾਂ ਜੋ ਸਰੀਰ ਦਾ ਤਾਪਮਾਨ ਨਾਰਮਲ ਬਣਿਆ ਰਹੇ | ਸਰੀਰ ਵਿਚ ਪਾਣੀ ਦੀ ਘਾਟ ਨੂੰ ਪੁਰਾ ਕਰਨ ਲਈ ਥੋੜੇ ਥੋੜੇ ਸਮੇਂ ਜਾਂ ਲੋੜ ਅਨੁਸਾਰ ਕੋਸਾ ਜਾਂ ਗੁਣਗੁਣਾ ਪਾਣੀ ਪੀਤਾ ਜਾਵੇ ਅਤੇ ਸੰਤੁਲਿਤ ਖ਼ੁਰਾਕ ਦਾ ਸੇਵਨ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਰਦੀ ਲੱਗਣ ਨਾਲ ਆਮ ਤੌਰ 'ਤੇ ਫਲੂ ਹੋ ਜਾਂਦਾ ਹੈ | ਇਸ ਸਬੰਧੀ ਨੇੜਲੇ ਸਿਹਤ ਕੇਂਦਰ ਵਿਖੇ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ |