ਦੋਰਾਹਾ, 2 ਜਨਵਰੀ (ਮਨਜੀਤ ਸਿੰਘ ਗਿੱਲ)-'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਤਹਿਤ ਪੁਲਿਸ ਨੇ ਅੱਜ ਦੋਰਾਹਾ ਵਿਚ ਨਸ਼ਾ ਇੱਕ ਤਸਕਰ ਦੇ ਘਰ 'ਤੇ ਪੀਲਾ ਪੰਜਾ ਚਲਾਇਆ, ਜਿਸ ਨਾਲ ਘਰ ਦਾ ਇੱਕ ਹਿੱਸਾ ਢਾਹ ਦਿੱਤਾ ਗਿਆ | ਇਸ ਮੌਕੇ ਐੱਸ. ਪੀ. ਖੰਨਾ ਹਰਪਿੰਦਰ ਕੌਰ ਨੇ ਦੱਸਿਆ ਕਿ ਦੋਸ਼ੀ ਨੂੰ ਦੋਰਾਹਾ ਪੁਲਿਸ ਨੇ 13 ਸਤੰਬਰ, 2025 ਨੂੰ 150 ਗ੍ਰਾਮ ਹੈਰੋਇਨ ਅਤੇ 500 ਗ੍ਰਾਮ ਆਈਸ ਬਰਾਮਦ ਕਰਨ ਤੋਂ ਬਾਅਦ ਗਿ੍ਫ਼ਤਾਰ ਕੀਤਾ ਸੀ | ਉਸ ਵਿਰੁੱਧ ਕੁੱਲ 6 ਮਾਮਲੇ ਦਰਜ ਹਨ ਅਤੇ ਉਹ ਅਜੇ ਵੀ ਜੇਲ੍ਹ ਵਿਚ ਹੈ | ਪੁਲਿਸ ਵਿਭਾਗ ਨੇ ਇਸ ਮਾਮਲੇ ਸਬੰਧੀ ਦੋਰਾਹਾ ਨਗਰ ਕੌਂਸਲ ਨੂੰ ਵੀ ਲਿਖਿਆ | ਪੁਲਿਸ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਮਿਲ ਕੇ ਅੱਜ ਦੋਸ਼ੀ ਦੇ ਘਰ 'ਤੇ ਪੀਲਾ ਪੰਜਾ ਚਲਾਇਆ | ਇਸ ਮੌਕੇ 'ਤੇ ਦੋਰਾਹਾ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ, ਹਰਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਦੋਸ਼ੀਆਂ ਨੂੰ ਕਈ ਨੋਟਿਸ ਜਾਰੀ ਕੀਤੇ ਸਨ, ਪਰ ਕੋਈ ਜਵਾਬ ਨਹੀਂ ਆਇਆ, ਜਿਸ ਕਾਰਨ ਅੱਜ ਪੁਲਿਸ ਅਧਿਕਾਰੀਆਂ ਦੀ ਸਹਾਇਤਾ ਨਾਲ ਕਾਰਵਾਈ ਕੀਤੀ ਗਈ | ਇਸ ਮੌਕੇ 'ਤੇ ਡੀ. ਐੱਸ. ਪੀ. ਪਾਇਲ, ਐੱਸ. ਐੱਚ. ਓ. ਦੋਰਾਹਾ ਅਤੇ ਹੋਰ ਅਧਿਕਾਰੀ ਮੌਜੂਦ ਸਨ |