ਜਗਰਾਉਂ, 4 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਖੇਤੀ ਖੋਜ ਸੰਸਥਾ (ਆਈ.ਏ.ਆਰ.ਆਈ.) ਪੂਸਾ ਯੂਨੀਵਰਸਿਟੀ ਦਿੱਲੀ ਵਿਖੇ ਖੇਤੀ ਵਿਭਿੰਨਤਾ ਨੂੰ ਦੇਸ਼ ਭਰ 'ਚ ਉਤਸ਼ਾਹਿਤ ਕਰਨ ਲਈ ਦੇਸ਼ ਭਰ ਦੇ 150 ਨੈਸ਼ਨਲ ਐਵਾਰਡੀ ਕਿਸਾਨਾਂ ਦਾ ਦੋ ਦਿਨਾਂ ਸੰਮੇਲਨ ਕਰਵਾਇਆ ਗਿਆ, ਜਿਸ ਦਾ ਮਕਸਦ ਦੇਸ਼ ਦੀ ਖੇਤੀ ਨੂੰ ਹੋਰ ਤਰੱਕੀ ਦੇ ਰਾਹ ਲਿਜਾਣਾ ਸੀ | ਭਾਰਤ ਦੇ ਖੋਜ ਕੇਂਦਰ ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਦੇ ਇਹ 150 ਉੱਨਤ ਕਿਸਾਨ ਦੇਸ਼ ਦੀ ਤਰੱਕੀ ਲਈ ਵੱਡਾ ਯੋਗਦਾਨ ਪਾ ਸਕਦੇ ਹਨ, ਦੇਸ਼ ਦੇ ਕਿਸਾਨ ਇੰਨ੍ਹਾਂ ਦੀਆਂ ਦਹਾਕਿਆਂ ਦੀਆਂ ਪ੍ਰਾਪਤੀਆਂ 'ਤੇ ਚੱਲ ਕੇ ਕੁਦਰਤੀ ਖੇਤੀ ਰਾਹੀਂ ਆਪਣੀ ਆਮਦਨ ਵਧਾ ਸਕਦੇ ਹਨ | ਕਿਸਾਨ ਘੱਟ ਖ਼ਰਚੇ ਨਾਲ ਥੋੜ੍ਹੀ ਜ਼ਮੀਨ ਵਿਚੋਂ ਜ਼ਿਆਦਾ ਉਪਜ ਪੈਦਾ ਕਰ ਸਕਣ | ਖੇਤੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਰਵਾਇਤੀ ਖੇਤੀ ਅਪਣਾ ਕੇ ਕਿਸਾਨ ਕੁਦਰਤੀ ਖੇਤੀ ਨਾਲ ਜੁੜਨ ਅਤੇ ਨਵੀਂਆਂ ਤਕਨੀਕਾਂ ਨਾਲ ਆਪਣੀ ਆਮਦਨ 'ਚ ਵਾਧਾ ਕਰ ਸਕਣ | ਇਸ ਸਮੇਂ ਵੱਖ-ਵੱਖ ਮਾਹਿਰ ਆਈ.ਏ.ਆਰ.ਆਈ. ਦੇ ਮਹਾਂ ਨਿਰਦੇਸ਼ਕ ਡਾ: ਐੱਮ.ਐੱਲ. ਜਾਟ, ਨਿਰਦੇਸ਼ਕ ਡਾ: ਸੀ.ਐੱਚ. ਸ੍ਰੀ ਨਿਵਾਸਨ, ਸੰਯੁਕਤ ਪ੍ਰਸਾਰ ਨਿਰਦੇਸ਼ਕ ਡਾ: ਡੀ.ਕੇ. ਯਾਦਵ ਨੇ ਇਸ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਅੱਜ ਕਿਸਾਨ ਕੇਵਲ ਅੰਨਦਾਤਾ ਨਹੀਂ ਨਵੇਂ ਯੁੱਗ ਦਾ ਹਾਣੀ ਹੈ | ਉਕਤ ਖੇਤੀ ਮਾਹਿਰਾਂ ਨੇ ਕਿਹਾ ਕਿ ਹੁਣ ਨਵੇਂ ਯੁੱਗ ਦਾ ਹਾਣੀ ਬਣਨ ਲਈ ਕਿਸਾਨਾਂ ਨੂੰ ਜਹਿਰਾਂ ਰੂਪੀ ਦਵਾਈਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਅੱਗੇ ਆਉਣਾ ਚਾਹੀਦਾ ਹੈ | ਉਕਤ ਖੇਤੀ ਮਾਹਿਰਾਂ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ 150 ਕਿਸਾਨ ਦੇਸ਼ ਨੂੰ ਉੱਨਤੀ ਵੱਲ ਲਿਜਾਣ ਲਈ ਆਪਣਾ ਯੋਗਦਾਨ ਪਾਉਣ | ਇਸ ਸਮੇਂ ਸਾਰੇ ਕਿਸਾਨਾਂ ਨੇ ਆਪਣੇ-ਆਪਣੇ ਪੇਸ਼ੇ ਸਬੰਧੀ ਆਪਣੇ ਵਿਚਾਰ ਕੀਤੇ | ਇਸ ਸਮੇਂ ਖੇਤੀ ਮਾਹਿਰਾਂ ਨੇ ਸਾਰੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਜ਼ਿਲ੍ਹੇ ਦੇ ਚੂਹੜਚੱਕ ਪਿੰਡ ਦੇ ਨਰਪਿੰਦਰ ਸਿੰਘ ਨੇ ਦੱਸਿਆ ਕਿ ਖੇਤੀ 'ਚ ਸਫ਼ਲ ਸਾਰੇ ਦੇਸ਼ ਤੋਂ ਆਏ 150 ਉਕਤ ਕਿਸਾਨਾਂ ਨੇ ਆਪਣੇ-ਆਪਣੇ ਪੇਸ਼ੇ ਸਬੰਧੀ ਸਟਾਲ ਲਗਾਈ ਹੋਈ ਸੀ, ਜਿਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ | ਇਸ ਮੌਕੇ ਨਰਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਆਪਣੇ-ਆਪਣੇ ਉੱਨਤ ਕਿਸਾਨਾਂ ਨੂੰ ਸਮੇਂ-ਸਮੇਂ ਵਿਦੇਸ਼ਾਂ ਵਿਚ ਉੱਥੋਂ ਦੇ ਖੇਤੀ ਮਾਹਿਰ ਕਿਸਾਨਾਂ ਨਾਲ ਸਿਖਲਾਈ ਅਤੇ ਜਾਣਕਾਰੀ ਆਦਾਨ-ਪ੍ਰਦਾਨ ਕਰਨ ਲਈ ਭੇਜਦੀਆਂ ਹਨ ਤਾਂ ਜੋ ਕਿਸਾਨ ਹੋਰ ਜਾਣਕਾਰੀ ਹਾਸਲ ਕਰਕੇ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਣ | ਇਸ ਸਮੇਂ ਨਰਪਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਮਾਹਿਰਾਂ ਦੀ ਇਕ ਟੀਮ ਜਲਦੀ ਚੂਹੜਚੱਕ ਪਿੰਡ ਵਿਖੇ ਉਨ੍ਹਾਂ ਦੇ ਫਾਰਮ ਦਾ ਦੌਰਾ ਕਰੇਗੀ | ਸਮਾਗਮ 'ਚ ਲੁਧਿਆਣਾ ਜ਼ਿਲ੍ਹੇ ਤੋਂ ਸੁਖਜੀਤ ਸਿੰਘ ਵੀ ਸ਼ਾਮਿਲ ਹੋਏ |