ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਵਿਚ ਕਈ ਦਿਨਾਂ ਤੋਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਠੰਢ ਕਾਫੀ ਜ਼ਿਆਦਾ ਘੱਟ ਗਈ ਹੈ ਅਤੇ ਗਰਮੀ ਸ਼ੁਰੂ ਹੋਣ ਦੇ ਆਸਾਰ ਹਨ | ਪਰ ਅੱਜ ਸਵੇਰ ਤੋਂ ਹੀ ਪੈ ਰਹੇ ਲਗਾਤਾਰ ਮੀਹ ਅਤੇ ਤੇਜ ਚੱਲ ਰਹੀਆਂ ਹਵਾਵਾਂ ਨੇ ਠੰਢ ਦਾ ਦੁਬਾਰਾ ਅਹਿਸਾਸ ਕਰਵਾ ਦਿੱਤਾ ਹੈ | ਇਸ ਮੀਂਹ ਨਾਲ ਖੰਨਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਿਵੇਂ ਜਰਗ ਚੌਂਕ, ਪੀਰਖਾਨਾ ਰੋਡ, ਬੁੱਕ ਮਾਰਕੀਟ, ਕਚਹਿਰੀ ਰੋਡ, ਸਮਰਾਲਾ ਰੋਡ ਤੇ ਗਲੀਆਂ ਮੁਹੱਲਿਆਂ ਵਿਚ ਅਤੇ ਨੈਸ਼ਨਲ ਹਾਈਵੇ ਦੇ ਪੁਲ ਉੱਪਰ ਅਤੇ ਸਰਵਿਸ ਲੇਨ 'ਤੇ ਪਾਣੀ ਭਰ ਗਿਆ ਹੈ, ਜਿਸ ਨਾਲ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ | ਰਾਤ ਚੱਲੀ ਹਨੇਰੀ ਅਤੇ ਮੀਂਹ ਨਾਲ ਕਈ ਥਾਵਾਂ ਤੇ ਬਿਜਲੀ ਖ਼ਰਾਬ ਹੋਈ ਅਤੇ ਕਈ ਥਾਵਾਂ ਤੇ ਬੋਰਡ ਅਤੇ ਦਰਖਤ ਵੀ ਡਿਗ ਗਏ | ਬਿਜਲੀ ਵਿਭਾਗ ਵਲੋਂ ਲਗਭਗ ਸਾਰੀ ਰਾਤ ਬਿਜਲੀ ਬੰਦ ਰੱਖੀ ਗਈ | ਅੱਜ ਬਹੁਤ ਜ਼ਿਆਦਾ ਬਾਜ਼ਾਰ ਬੰਦ ਹੀ ਰਿਹਾ ਅਤੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ | ਇਸ ਮੀਂਹ ਨਾਲ ਬਸੰਤ ਪੰਚਮੀ ਦਾ ਤਿਉਹਾਰ ਪਤੰਗਬਾਜ਼ੀ ਕਰਨ ਵਾਲੇ ਨੌਜਵਾਨਾਂ ਨੇ ਹਜ਼ਾਰਾਂ ਰੁਪਏ ਪਤੰਗਾਂ ਅਤੇ ਡੋਰ ਦੇ ਉੱਪਰ ਖ਼ਰਚ ਕੀਤੇ ਸਨ | ਉਨ੍ਹਾਂ ਲਈ ਨਿਰਾਸ਼ਾ ਲੈ ਕੇ ਆਇਆ ਹੈ ਕਿਉਂਕਿ ਇਸ ਮੀਂਹ ਨਾਲ ਬਸੰਤ ਵਿਚ ਪਤੰਗ ਚੜ੍ਹਾਉਣ ਵਾਲਿਆਂ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ | ਕੁੱਝ ਲੋਕਾਂ ਦਾ ਕਹਿਣਾ ਸੀ ਕਿ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਖੂਬ ਪਤੰਗਬਾਜ਼ੀ ਹੋਵੇਗੀ | ਇਸ ਮੌਕੇ ਕਿਸਾਨ ਦਲਜੀਤ ਸਿੰਘ ਨੌਲੜੀ ਨੇ ਕਿਹਾ ਕਿ ਕਣਕ ਦੀ ਫ਼ਸਲ ਲਈ ਇਹ ਮੀਂਹ ਬਹੁਤ ਜ਼ਿਆਦਾ ਲਾਹੇਵੰਦ ਹੈ | ਪਰ ਆਲੂਆਂ ਦੀ ਫ਼ਸਲ ਇਸ ਮੀਂਹ ਨਾਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਆਲੂਆਂ ਦੇ ਖੇਤਾਂ ਵਿਚ ਪਾਣੀ ਖੜਨ ਨਾਲ ਆਲੂ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਹੈ |