ਮਾਛੀਵਾੜਾ ਸਾਹਿਬ, 25 ਜਨਵਰੀ (ਮਨੋਜ ਕੁਮਾਰ)-ਚਾਈਨਾ ਡੋਰ ਦੇ ਖ਼ਤਰਨਾਕ ਨਤੀਜਿਆਂ ਤੋਂ ਬਾਦ ਭਾਵੇਂ ਸੂਬੇ ਦੇ ਹੋਰਨਾ ਸ਼ਹਿਰਾਂ ਵਾਂਗ ਸਥਾਨਕ ਪੁਲਿਸ ਦੀ ਮੁਸਤੈਦੀ ਵੀ ਨਜ਼ਰ ਆਈ ਤੇ ਪੁਲਿਸ ਨੇ ਆਪਣੀ ਟੀਮ ਨਾਲ ਸ਼ਹਿਰ ਦੀਆਂ ਕੁੱਝ ਦੁਕਾਨਾਂ ਅਤੇ ਘਰਾਂ ਦੀਆਂ ਛੱਤਾਂ 'ਤੇ ਪਤੰਗਬਾਜਾਂ ਦੀ ਜਾਂਚ ਵੀ ਕੀਤੀ ਪਰ ਇਸ ਦੇ ਬਾਵਜੂਦ ਕਈਆਂ ਨੇ ਆਪਣੀ ਮੂਰਖਤਾ ਦਾ ਰੱਜ ਕੇ ਸਬੂਤ ਦਿੱਤਾ ਤੇ ਫਿਰ ਚਾਈਨਾ ਡੋਰ ਦਾ ਇਸਤੇਮਾਲ ਕੀਤਾ | ਇਸ ਸਭ ਦੇ ਵਿਚਕਾਰ ਨਜ਼ਦੀਕੀ ਕਿਸੇ ਪਿੰਡ ਤੋਂ ਫ਼ੋਨ ਆਉਣ 'ਤੇ ਪੁਲਿਸ ਪਾਰਟੀ ਨੇ ਤੇਜ਼ੀ ਨਾਲ ਉਸ ਪਿੰਡ ਵਿਚ ਛਾਪਾ ਮਾਰਿਆ ਤੇ ਪੁਲਿਸ ਨੂੰ ਦੇਖ ਕੇ ਉੱਥੇ ਮੌਜੂਦ ਕੁੱਝ ਲੜਕੇ ਭੱਜ ਗਏ | ਹਾਲਾਂਕ ਮੌਕੇ 'ਤੇ ਚਾਈਨਾ ਡੋਰ ਦਾ ਕੁੱਝ ਅੰਸ਼ ਮਿਲਿਆ ਤੇ ਇੱਕ ਨਾਬਾਲਗ ਨੂੰ ਪੁਲਿਸ ਆਪਣੇ ਨਾਲ ਵੀ ਲੈ ਕੇ ਆਈ ਤੇ ਸਖ਼ਤ ਚਿਤਾਵਨੀ ਤੋਂ ਬਾਦ ਛੱਡ ਦਿੱਤਾ | ਫਿਲਹਾਲ ਬਸੰਤ ਪੰਚਮੀ ਦਾ ਇਹ ਜੋਸ਼ ਪਹਿਲਾਂ ਨਾਲੋਂ ਕਾਫੀ ਫਿੱਕਾ ਰਿਹਾ |