ਮਾਛੀਵਾੜਾ ਸਾਹਿਬ, 30 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਸ਼ਹਿਰ ਵਿਚ ਨਗਰ ਕੌਂਸਲ ਵਲੋਂ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਸਿੰਘ ਤਨੇਜਾ, ਨੀਰਜ ਕੁਮਾਰ, ਰਵਿੰਦਰਜੀਤ ਕੌਰ, ਨਿਰੰਜਨ ਸਿੰਘ ਨੂਰ, ਨਿਰਮਲ ਸਿੰਘ (ਸਾਰੇ ਕੌਂਸਲਰ), ਹਰਦੀਪ ਸਿੰਘ ਟੋਨੀ, ਜੇ. ਈ. ਨਿਰਮਲ ਸਿੰਘ, ਜਸਵੀਰ ਸਿੰਘ ਭੱਟੀਆਂ, ਪੀ.ਏ. ਨਵਜੀਤ ਸਿੰਘ ਉਟਾਲਾਂ ਵੀ ਹਾਜ਼ਰ ਸਨ | ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਪਹਿਲ ਦੇ ਅਧਾਰ 'ਤੇ ਜੋ ਵੱਡੇ ਵਿਕਾਸ ਕਾਰਜ ਹਨ ਉਹ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੋਹਿਤ ਕੁੰਦਰਾ ਦੇ ਵਾਰਡ ਵਿਚ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਤੋਂ ਰਤੀਪੁਰ ਰੋਡ ਨੂੰ ਜੋੜਨ ਵਾਲੀ ਲਿੰਕ ਸੜਕ ਹੈ ਉਸ 'ਤੇ ਇੰਟਰਲਾਕ ਟਾਈਲ ਲਗਾਈ ਜਾਵੇਗੀ ਜਿਸ ਉੱਪਰ 15 ਲੱਖ ਰੁਪਏ ਤੋਂ ਵੱਧ ਖ਼ਰਚ ਆਵੇਗਾ | ਇਸ ਤੋਂ ਇਲਾਵਾ ਕੌਂਸਲਰ ਜਗਮੀਤ ਸਿੰਘ ਮੱਕੜ ਦੇ ਵਾਰਡ ਜੇ. ਐੱਸ. ਨਗਰ ਵਿਚ ਜੋ ਪਾਰਕ ਹੈ ਉਸ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ 15 ਲੱਖ ਰੁਪਏ ਖਰਚੇ ਜਾਣਗੇ | ਉਨ੍ਹਾਂ ਕਿਹਾ ਕਿ ਜੇ. ਐੱਸ. ਨਗਰ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਇਸ ਪਾਰਕ ਨੂੰ ਲੋਕਾਂ ਦੀ ਵਰਤੋਂ ਯੋਗ ਬਣਾਇਆ ਜਾਵੇ ਅਤੇ ਹੁਣ ਇੱਥੇ ਸਜਾਵਟੀ ਫੁੱਲਦਾਰ ਬੂਟੇ, ਇੰਟਰਲਾਕ ਟਾਈਲ ਦਾ ਟਰੈਕ ਅਤੇ ਜਾਲੀਦਾਰ ਚਾਰਦੀਵਾਰੀ ਕੀਤੀ ਜਾਵੇਗੀ | ਜੇ. ਐੱਸ. ਨਗਰ ਦੇ ਨਿਵਾਸੀਆਂ ਵਲੋਂ ਪਾਰਕ ਦਾ ਨਿਰਮਾਣ ਸ਼ੁਰੂ ਹੋਣ 'ਤੇ ਵਿਧਾਇਕ ਦਿਆਲਪੁਰਾ, ਪ੍ਰਧਾਨ ਕੁੰਦਰਾ ਅਤੇ ਕੌਂਸਲਰ ਮੱਕੜ ਦਾ ਧੰਨਵਾਦ ਪ੍ਰਗਟਾਇਆ | ਇਸ ਤੋਂ ਇਲਾਵਾ ਬਾਬਾ ਭਗਤੀ ਨਾਥ ਗਊਸ਼ਾਲਾ ਜਿੱਥੇ ਕਿ ਸੰਸਥਾ ਵਲੋਂ ਆਵਾਰਾ ਗਊਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ | ਇੱਥੇ ਸ਼ੈੱਡ ਦੇ ਨਿਰਮਾਣ ਲਈ 20 ਲੱਖ ਰੁਪਏ ਰਾਸ਼ੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਮੂਹ ਕੌਂਸਲਰਾਂ ਦੀ ਟੀਮ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਵਿਚ ਪੂਰੀ ਤਨਦੇਹੀ ਨਾਲ ਲੱਗੀ ਹੋਈ ਹੈ |