ਮਲੌਦ, 30 ਜਨਵਰੀ (ਸਹਾਰਨ ਮਾਜਰਾ)-ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਪਿੰਡ ਸੋਮਲ ਖੇੜੀ ਵਿਖੇ ਗੁਰਦੁਆਰਾ ਰਵਿਦਾਸ ਜੀ ਮਹਾਰਾਜ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 1 ਫਰਵਰੀ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ | ਪ੍ਰਬੰਧਕ ਮਾ. ਅਤਰ ਸਿੰਘ, ਸਾਬਕਾ ਕੌਂਸਲਰ ਰਾਮ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਅਖੰਡ ਪਾਠ ਆਰੰਭ ਕਰਵਾਏ ਜਾ ਚੁੱਕੇ ਹਨ | ਅੱਜ 31 ਜਨਵਰੀ ਸਨਿਚਰਵਾਰ ਨੂੰ ਵਿਚਕਾਰਲੇ ਦਿਨ ਸੰਤ ਵਿਸਾਖਾ ਸਿੰਘ ਕਲਿਆਣ ਵਾਲੇ ਸ਼ਾਮ 7 ਵਜੇ ਤੋਂ 9 ਵਜੇ ਤੱਕ ਧਾਰਮਿਕ ਦੀਵਾਨ ਸਜਾਉਣਗੇ | ਉਨ੍ਹਾਂ ਦੱਸਿਆ ਕਿ ਪਾਠਾਂ ਦੇ ਭੋਗ ਕੱਲ੍ਹ 1 ਫਰਵਰੀ ਦਿਨ ਐਤਵਾਰ ਨੂੰ 10 ਵਜੇ ਪਾਏ ਜਾਣਗੇ | ਉਪਰੰਤ ਸਵੇਰੇ 9 ਤੋਂ 11 ਵਜੇ ਤੱਕ ਬਾਬਾ ਰਾਜਪਾਲ ਸਿੰਘ ਅਮਲੋਹ ਵਾਲੇ ਸੰਗਤਾਂ ਨਾਲ ਕੀਰਤਨ ਦੀਵਾਨਾਂ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀਆਂ ਖ਼ੁਸ਼ੀਆਂ ਵਿੱਚ ਪਿੰਡ ਸੋਮਲਖੇੜੀ, ਰੋੜੀਆਂ ਅਤੇ ਸ਼ਹਿਰ ਮਲੌਦ ਦੀ ਪ੍ਰਕਰਮਾ ਕਰਦਿਆਂ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਸਨ | ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ | ਉਨ੍ਹਾਂ ਸਮੁੱਚੀ ਸੰਗਤ ਨੂੰ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ |