ਮਾਛੀਵਾੜਾ ਸਾਹਿਬ, 30 ਜਨਵਰੀ (ਮਨੋਜ ਕੁਮਾਰ)-ਇਤਿਹਾਸਿਕ ਗਨੀ ਖਾਂ ਨਬੀ ਖਾਂ ਗੇਟ ਦੇ ਦੋਵੇਂ ਪਾਸੇ ਵਾਹਨਾਂ ਦਾ ਲੰਮਾ ਜਾਮ ਆਮ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਰਿਹਾ ਹੈ | ਜ਼ਮੀਨੀ ਹਕੀਕਤ 'ਤੇ ਨਜ਼ਰ ਮਾਰੀਏ ਤਾਂ ਦਿਨ ਭਰ ਲੱਗਦੇ ਟ੍ਰੈਫ਼ਿਕ ਜਾਮ ਦੌਰਾਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਦੂਰ ਦੂਰ ਤੱਕ ਦਿਖਾਈ ਦਿੰਦੀਆਂ ਹਨ | ਨਵਾਂਸ਼ਹਿਰ ਨੂੰ ਜਾਣ ਵਾਲੀ ਇਸ ਸੜਕ ਤੋਂ ਹਰ ਰੋਜ਼ ਕਈ ਸੈਂਕੜੇ ਹਲਕੇ ਤੇ ਭਾਰੀ ਵਾਹਨ ਗੁਜ਼ਰਦੇ ਹਨ | ਸਥਾਨਕ ਲੋਕਾਂ ਦਾ ਵੀ ਇਸ ਸੜਕ ਤੋਂ ਗੁਜ਼ਰਨਾ ਆਮ ਹੈ | ਪਰ ਇੱਕ ਵਾਰੀ ਜੋ ਵਿਅਕਤੀ ਇਸ ਲਾਈਨ ਵਿਚ ਫਸ ਗਿਆ ਤਾਂ ਫਿਰ ਕਈ ਵਾਰ ਇੱਕ ਇੱਕ ਘੰਟਾ ਵੀ ਗੁਜ਼ਰਨ ਨੂੰ ਨਿਕਲ ਜਾਂਦਾ ਹੈ | ਹਾਲਾਂਕਿ ਇਸ ਗੇਟ ਦੇ ਇੱਕ ਕੋਨੇ 'ਤੇ ਟਰੈਫ਼ਿਕ ਪੁਲਿਸ ਦੀ ਪੱਕੀ ਪੋਸਟ ਵੀ ਹੈ | ਪਰ ਇਸ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਸ਼ਾਇਦ ਹੀ ਕਦੇ ਕੋਈ ਮੁਲਾਜ਼ਮ ਚੌਂਕ 'ਤੇ ਤਾਇਨਾਤ ਦਿਖਾਈ ਦਿੰਦਾ ਹੋਵੇ | ਸਭ ਤੋਂ ਵੱਡੀ ਪਰੇਸ਼ਾਨੀ ਤਾਂ ਸਵੇਰ ਸਮੇਂ ਬੱਚਿਆਂ ਨੂੰ ਸਕੂਲ ਜਾਣ ਮੌਕੇ ਦੇਖਣ ਨੂੰ ਮਿਲਦੀ ਹੈ | ਜਦੋਂ ਮਾਪੇ ਆਪਣੇ ਬੱਚਿਆਂ ਨਾਲ ਇਸ ਲੰਮੇ ਜਾਮ ਦਾ ਹਿੱਸਾ ਬਣਦੇ ਹਨ ਤੇ ਅਕਸਰ ਸਕੂਲ ਸਮੇਂ ਲੇਟ ਵੀ ਹੋ ਜਾਂਦੇ ਹਨ | ਲੋਕਾਂ ਦੀ ਮੰਗ ਹੈ ਕਿ ਪੁਲਿਸ ਵਿਭਾਗ ਦੇ ਟਰੈਫ਼ਿਕ ਵਿੰਗ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਨਾਲ ਜੁੜੀ ਇਸ ਸਮੱਸਿਆ ਦੇ ਸਮਾਧਾਨ ਲਈ ਜਲਦ ਤੋਂ ਜਲਦ ਠੋਸ ਕਦਮ ਚੁੱਕਣ |