ਮੁੱਲਾਂਪੁਰ-ਦਾਖਾ, 4 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ (ਰਜਿ:) ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਫਰਵਰੀ ਨੂੰ ਦਾਣਾ ਮੰਡੀ ਮੁੱਲਾਂਪੁਰ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਧਾਰਮਿਕ ਸਮਾਗਮ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਦਾਣਾ ਮੰਡੀ ਵਿਖੇ ਫੈੱਡਰੇਸ਼ਨ ਵਲੋਂ ਦਫ਼ਤਰ ਖੋਲਿ੍ਹਆ ਹੋਇਆ ਹੈ | ਫੈੱਡਰੇਸ਼ਨ ਦੇ ਸੇਵਾਦਾਰ ਡਾ: ਰੁਪਿੰਦਰ ਸਿੰਘ ਸੁਧਾਰ, ਦਲਜੀਤ ਸਿੰਘ ਥਰੀਕੇ (ਦੋਵੇ ਮੈਂਬਰ ਕੋਰ ਕਮੇਟੀ), ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਜੋਧਾਂ, ਮੁੱਖ ਸਰਪ੍ਰਸਤ ਸੁਰਜੀਤ ਸਿੰਘ ਬੁਢੇਲ, ਰੇਸ਼ਮ ਸਿੰਘ ਰੁੜਕਾ, ਗੁਰਪ੍ਰੀਤ ਸਿੰਘ ਰਿਟਾ: ਮੁੱਖ ਖੇਤੀਬਾੜੀ ਅਫ਼ਸਰ, ਮਲਕੀਤ ਸਿੰਘ ਭੱਟੀਆ ਦੁਆਰਾ ਜਾਣਕਾਰੀ ਅਨੁਸਾਰ 6 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ, 7 ਫਰਵਰੀ ਨੂੂੰ ਮੱਧ ਦੇ ਭੋਗ ਅਤੇ 8 ਫਰਵਰੀ, ਦਿਨ ਐਤਵਾਰ ਸਵੇਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੁਰਨ ਪਾਠ ਦਾ ਭੋਗ ਉਪਰੰਤ ਖੁੱਲ੍ਹੇ ਪੰਡਾਲ 'ਚ ਕਥਾ-ਕੀਰਤਨ ਦਾ ਪ੍ਰਵਾਹ ਚੱਲੇਗਾ | ਬਾਬਾ ਬਲਰਾਮ ਸਿੰਘ ਭਵਾਨੀਪੁਰ ਵਾਲੇ ਗੁਰਬਾਣੀ ਕੀਰਤਨ ਅਤੇ ਸ਼ਬਦ ਗੁਰੂ ਕਥਾ ਦੁਆਰਾ ਬੇਗਮਪੁਰੇ ਸ਼ਹਿਰ ਦੇ ਸੰਕਲਪ ਅਤੇ ਗੁਰੂ ਰਵਿਦਾਸ ਜੀ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੇ 16 ਰਾਗਾਂ 'ਤੇ ਅਧਾਰਿਤ 40 ਸ਼ਬਦ ਬਾਰੇ ਸੰਗਤ ਨੂੰ ਜਾਣੂ ਕਰਵਾਉਣਗੇ | ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ¨ ਬੇਗਮ ਪੁਰਾ ਸ਼ਹਰ ਕੋ ਨਾਉ¨ ਦੂਖੁ ਅੰਦੋਹੁ ਨਹੀ ਤਿਹਿ ਠਾਊ¨ ਪੰਗਤੀਆ ਦਾ ਕੀਰਤਨ ਵੱਖ-ਵੱਖ ਰਾਗੀ ਜੱਥਿਆਂ ਵਲੋਂ ਨਿਰੰਤਰ ਜਾਰੀ ਰਹੇਗਾ | ਕਵੀਸ਼ਰੀ ਜੱਥਾ ਸੰਗਤ ਨੂੰ ਗੁਰੂ ਜਸ ਗਾਇਨ ਸਰਵਣ ਕਰਵਾਏਗਾ | ਹਰ ਸਾਲ ਦੀ ਤਰ੍ਹਾਂ ਇਸ ਧਾਰਮਿਕ ਸਮਾਗਮ ਵਿਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਦੀ ਸ਼ਮੂਲੀਅਤ ਰਹੇਗੀ | ਵੱਡੀ ਤਾਆਦ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤੇਗਾ |