ਦੋਰਾਹਾ, 5 ਫਰਵਰੀ (ਪੱਤਰ ਪ੍ਰੇਰਕ)-ਪੰਜਾਬ ਵਿਚ ਤੇਜ਼ ਰਫ਼ਤਾਰ ਸੜਕਾਂ ਦਾ ਨਿੱਤ ਨਵਾਂ ਨਿਰਮਾਣ ਹੋ ਰਿਹਾ ਹੈ | ਇਸੇ ਤਰ੍ਹਾਂ ਕਲਕੱਤਾ-ਦਿੱਲੀ ਤੋਂ ਅੰਮਿ੍ਤਸਰ, ਛੇ ਮਾਰਗੀ ਸ਼ੇਰ ਸ਼ਾਹ ਸੂਰੀ ਮਾਰਗ ਦੇਸ਼ ਦੀ ਨੰਬਰ ਇੱਕ ਹਾਈਵੇ ਸੜਕ ਹੈ | ਪਰ ਇਹ ਖੰਨੇ ਤੋਂ ਲੁਧਿਆਣੇ ਤੱਕ ਹੀ ਜੇ ਦੇਖਿਆ ਜਾਵੇ ਤਾਂ ਥਾਂ ਥਾਂ ਤੋਂ ਵੱਡੇ ਵੱਡੇ ਟੋਇਆਂ ਨਾਲ ਭਰੀ ਪਈ ਹੈ | ਇਸ ਟੁੱਟੀ ਹੋਈ ਸੜਕ ਵਿੱਚ ਨਿੱਤ ਹਾਦਸੇ ਵਾਪਰ ਰਹੇ ਹਨ | ਪਰ ਮਹਿਕਮੇ ਤੇ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ | ਅੱਜ ਇਸ ਟੋਏ ਦਾ ਸ਼ਿਕਾਰ ਬੀਜਾ ਤੋਂ ਲੁਧਿਆਣੇ ਵਿਆਹੁਣ ਜਾ ਰਹੇ ਵਿਆਂਹਦੜ ਦੀ ਕਾਰ ਨੰਬਰ ਪੀ. ਬੀ.-91 ਐਫ-3600 ਮੈਕਡੋਨਲ ਦੇ ਨੇੜੇ, ਸੜਕ ਵਿਚਕਾਰ ਪਏ ਵੱਡੇ ਟੋਏ ਵਿੱਚ ਡਿੱਗੀ | ਜਿਸ ਨਾਲ ਉਸ ਕਾਰ ਦਾ ਟਾਇਰ ਪਾਟ ਗਿਆ ਤੇ ਨਾਲ ਹੀ ਰਿਮ ਟੁੱਟ ਗਿਆ | ਖ਼ੁਸ਼ਕਿਸਮਤੀ ਇਹ ਰਹੀ ਕਿ ਕਿਸੇ ਕਿਸਮ ਦੀ ਸੱਟ ਫੇਟ ਤੋਂ ਬਚਾ ਰਿਹਾ | ਇਸ ਸਮੇਂ ਦੁਲ੍ਹਾ ਚਾਵਾਂ ਨਾਲ ਸ਼ਿੰਗਾਰੀ ਕਾਰ ਛੱਡ ਕੇ ਇੱਕ ਆਮ ਕਾਰ ਵਿੱਚ ਗਿਆ |