23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਦਰਬਾਰ ਸਾਹਿਬ ਵਿਖੇ ਅਰਦਾਸ ਵਿਚ ਸ਼ਾਮਿਲ ਹੋਣ ਲਈ ਭਾ. ਕਿ. ਯੂ. (ਲੱਖੋਵਾਲ) ਦਾ ਵੱਡਾ ਜਥਾ ਹੋਵੇਗਾ ਰਵਾਨਾ

Ad Position 21
No active advertisement
ਅਜੀਤ ਡੈਸਕ 06-02-2026
ਸਮਰਾਲਾ, 5 ਫਰਵਰੀ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਸਮਰਾਲਾ ਵਿਖੇ ਕੀਤੀ ਗਈ, ਜਿਸ ਵਿਚ 6 ਫਰਵਰੀ ਨੂੰ ਦੁਪਹਿਰ 12.30 ਵਜੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮਿ੍ਤਸਰ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਲੋਕਾਂ ਨਾਲ ਤਾਲਮੇਲ ਮੁਹਿੰਮ ਸ਼ੁਰੂ ਕਰਨ ਸਬੰਧੀ ਕਿਸਾਨਾਂ ਦਾ ਇਕ ਇਕੱਠ ਕਰ ਕੇ ਅਰਦਾਸ ਕਰਨ ਜਾਣ ਲਈ ਵਿਚਾਰ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਪੂਰੀ ਤਰ੍ਹਾਂ ਪਲੀਤ ਹੋ ਚੁੱਕਾ ਹੈ, ਜਿਸ ਦੀ ਦੂਸਰੀ ਤਹਿ ਵਿਚੋਂ ਵੀ ਪਾਣੀ ਜਲਦ ਖ਼ਤਮ ਹੋ ਜਾਵੇਗਾ | ਜੇਕਰ ਇਸ ਸਬੰਧੀ ਫ਼ੌਰੀ ਕਦਮ ਨਾ ਪੁੱਟੇ ਗਏ ਤਾਂ ਚਾਰ ਸਾਲਾਂ ਦੇ ਅੰਦਰ-ਅੰਦਰ ਪੰਜਾਬ ਦੇ ਹਰ ਘਰ ਵਿਚ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਆਮ ਹੋਣਗੀਆਂ | ਪਰਮਿੰਦਰ ਸਿੰਘ ਪਾਲ ਮਾਜਰਾ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਇਸ ਵੇਲੇ ਸਾਡਾ ਧਰਤੀ ਹੇਠਲਾ ਪਾਣੀ ਬੁਰੀ ਤਰ੍ਹਾਂ ਪਲੀਤ ਹੋ ਗਿਆ ਹੈ | ਇਸ ਲਈ ਸਾਡੇ ਕੋਲ ਆਪਣਾ ਪਾਣੀ ਵਾਪਸ ਲੈਣ ਲਈ ਅੰਦੋਲਨ ਕਰਨ ਤੋਂ ਬਿਨਾਂ ਕੋਈ ਰਸਤਾ ਨਹੀਂ | ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਹੋਰ ਕਿਸਾਨੀ ਮੁੱਦਿਆਂ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰੀ ਝੋਨੇ ਦੀ ਫ਼ਸਲ ਦਾ ਝਾੜ 10 ਕੁਇੰਟਲ ਪ੍ਰਤੀ ਏਕੜ ਘੱਟ ਗਿਆ | ਮੌਜੂਦਾ ਆਲੂ ਦੀ ਫ਼ਸਲ ਦਾ ਕੋਈ ਭਾਅ ਹੀ ਨਹੀਂ | ਕਿਸਾਨ ਬਰਬਾਦ ਹੋ ਰਿਹਾ ਹੈ | ਪੰਜਾਬ ਨੂੰ ਇੱਕ ਅਜਿਹੀ ਖੇਤੀ ਬੀਮਾ ਸਕੀਮ ਦੀ ਲੋੜ ਹੈ, ਜਿਸ ਵਿਚ ਹਰ ਏਕੜ ਨੂੰ ਯੂਨਿਟ ਮੰਨ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ | ਤਾਲਮੇਲ ਮੁਹਿੰਮ ਤੋਂ ਪਹਿਲਾਂ ਅੱਜ 6 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵਲੋਂ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਇੱਕ ਇਕੱਠ ਕਰ ਕੇ ਦੁਪਹਿਰ 12.30 ਵਜੇ ਅਰਦਾਸ ਕੀਤੀ ਜਾਵੇਗੀ | ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਅਰਦਾਸ ਵਿਚ ਸ਼ਾਮਲ ਹੋਣ ਲਈ ਅੱਜ ਸਮਰਾਲਾ ਤੋਂ ਵੱਡੀ ਗਿਣਤੀ ਵਿਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਕਿਸਾਨ ਅਤੇ ਮਜ਼ਦੂਰ ਸ਼੍ਰੀ ਅੰਮਿ੍ਤਸਰ ਸਾਹਿਬ ਲਈ ਆਪੋ ਆਪਣੇ ਸਾਧਨਾਂ ਅਤੇ 8 ਵਜੇ ਸਮਰਾਲਾ ਤੋਂ ਰਵਾਨਾ ਹੁੰਦੀ ਰੇਲ ਗੱਡੀ ਰਾਹੀਂ ਰਵਾਨਾ ਹੋਣਗੇ | ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਅੰਮਿ੍ਤ ਸਿੰਘ ਰਾਜੇਵਾਲ, ਜਗਜੀਤ ਸਿੰਘ ਮੁੱਤੋਂ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸੇਵਕ ਸਿੰਘ ਮੰਜਾਲੀਆਂ ਬਲਾਕ ਸਮਰਾਲਾ ਪ੍ਰਧਾਨ, ਬੇਅੰਤ ਸਿੰਘ ਤੁਰਮਰੀ ਬਲਾਕ ਪ੍ਰਧਾਨ ਖੰਨਾ, ਦਲਜੀਤ ਸਿੰਘ ਊਰਨਾ ਜਨਰਲ ਸਕੱਤਰ ਬਲਾਕ ਸਮਰਾਲਾ, ਸਰਪੰਚ ਚਰਨਜੀਤ ਸਿੰਘ, ਫ਼ੌਜੀ ਸਤਵੰਤ ਸਿੰਘ ਪਾਲ ਮਾਜਰਾ, ਬਲਵੰਤ ਸਿੰਘ ਮੰਜਾਲੀਆਂ, ਬਹਾਦਰ ਸਿੰਘ ਪਪੜੌਦੀ, ਫ਼ੌਜੀ ਮਲਕੀਤ ਸਿੰਘ ਪਪੜੌਦੀ ਮੀਤ ਪ੍ਰਧਾਨ ਬਲਾਕ ਸਮਰਾਲਾ, ਮੇਜਰ ਸਿੰਘ, ਹਰਪਾਲ ਸਿੰਘ ਬੰਬਾਂ, ਜਗਤਾਰ ਸਿੰਘ ਮਾਦਪੁਰ, ਰਾਮ ਸਿੰਘ ਮੁੱਤੋਂ ਆਦਿ ਤੋਂ ਇਲਾਵਾ ਯੂਨੀਅਨ ਦੇ ਹੋਰ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਲੋਂ ਐੱਸ. ਬੀ. ਆਈ. ਡੇਹਲੋਂ ਦਾ ਦੌਰਾ ਅਗਲੀ ਖ਼ਬਰ ਖੰਨਾ ਸੰਘਰਸ਼ ਕਮੇਟੀ ਦਾ ਧਰਨਾ 32ਵੇਂ ਦਿਨ 'ਚ ਦਾਖ਼ਲ, ਮਹਾਂ ਪੰਚਾਇਤ ਕਰਕੇ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ
Ad Position 24