ਡੇਹਲੋਂ, 5 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਲੋਂ ਵਿਦਿਆਰਥੀਆਂ ਨੂੰ ਕਲਾਸ ਰੂਮ ਦੀ ਪੜਾਈ ਨਾਲ -ਨਾਲ ਜ਼ਿੰਦਗੀ ਦੇ ਤਜਰਬੇ ਨਾਲ ਜੋੜਨ ਦੇ ਉਦੇਸ਼ ਨਾਲ ਐੱਸ. ਬੀ. ਆਈ. ਡੇਹਲੋਂ ਸ਼ਾਖਾ ਵਿਖੇ ਸਿੱਖਿਅਕ ਦੌਰਾ ਕੀਤਾ ਗਿਆ |ਦੌਰੇ ਦੌਰਾਨ ਅਸਿਸਟੈਂਟ ਮੈਨੇਜਰ ਹਨੀਫ਼ ਖਾਨ ਨੇ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਇੱਕ ਜਾਣਕਾਰੀ ਪੂਰਕ ਸੈਸ਼ਨ ਕਰਵਾਇਆ | ਉਨਾਂ ਨੇ ਵੱਖ-ਵੱਖ ਬੈਂਕਿੰਗ ਪ੍ਰਕਿਰਿਆਵਾਂ ਨੂੰ ਬਹੁਤ ਹੀ ਸਰਲ ਅਤੇ ਵਿਹਾਰਕ ਢੰਗ ਨਾਲ ਸਮਝਾਇਆ ਅਤੇ ਬੈਂਕਿੰਗ ਨਾਲ ਸੰਬੰਧਕ ਕਈ ਗਤੀਵਿਧੀਆਂ ਦੀ ਪ੍ਰਦਰਸ਼ਨੀ ਕਰ ਕੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਬੈਂਕਿੰਗ ਸੇਵਾਵਾਂ ਦੇ ਕਾਰਜ-ਪ੍ਰਣਾਲੀ ਨਾਲ ਜਾਣੂ ਕਰਵਾਇਆ |ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੀ ਪ੍ਰਬੰਧਕੀ ਕਮੇਟੀ ਨੇ ਕਿਹਾ ਕਿ ਇਸ ਤਰਾਂ ਦੇ ਅਨੁਭਵਾਤਮਕ ਦੌਰੇ ਸਿੱਖਿਆ ਲਈ ਬਹੁਤ ਜ਼ਰੂਰੀ ਹਨ | ਵਿਕਟੋਰੀਆ ਪਬਲਿਕ ਸਕੂਲ ਦੇ ਪਿ੍ੰਸੀਪਲ ਬਿਪਨ ਸੇਠੀ ਨੇ ਕਿਹਾ ਕਿ ਐੱਸ. ਬੀ. ਆਈ. ਡੇਹਲੋਂ ਸ਼ਾਖਾ ਦਾ ਇਹ ਦੌਰਾ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਸਿੱਖਣ ਦਾ ਅਨੁਭਵ ਰਿਹਾ | ਵਿਕਟੋਰੀਆ ਪਬਲਿਕ ਸਕੂਲ ਵਲੋਂ ਹਨੀਫ਼ ਖਾਨ ਅਤੇ ਐੱਸ.ਬੀ.ਆਈ. ਡੇਹਲੋਂ ਸ਼ਾਖਾ ਦਾ ਉਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ |