ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)- ਸੰਯੁਕਤ ਕਿਸਾਨ ਮੋਰਚੇ ਅਤੇ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ਅਧੀਨ 22 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਦਫ਼ਤਰਾਂ ਅੱਗ ਦਿੱਤੇ ਜਾ ਰਹੇ ਧਰਨਿਆਂ ਦੀ ਤਰਜ਼ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਨੂੰ ਕਾਮਯਾਬ ਕਰਨ ਲਈ ਅੱਜ ਪਿੰਡ ਰਸੂਲੜਾ, ਮਾਜਰੀ, ਇਕੋਲਾਹਾ, ਭੱਟੀਆਂ ਅਤੇ ਲਲਹੇੜੀ ਪਿੰਡ ਵਿਖੇ ਅਨਾਊਾਸਮੈਂਟ ਕਰਕੇ ਸਮੂਹ ਮਜ਼ਦੂਰਾਂ, ਕਿਸਾਨਾਂ ਤੇ ਮਿਹਨਤਕਸ਼ ਲੋਕਾਂ ਨੂੰ ਇਸ ਧਰਨੇ ਵਿੱਚ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ ਗਈ | ਪੈੱ੍ਰਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਮਲਕੀਤ ਸਿੰਘ, ਸਕੱਤਰ ਜਗਦੇਵ ਸਿੰਘ, ਮਜ਼ਦੂਰ ਆਗੂ ਅਵਤਾਰ ਸਿੰਘ ਤੇ ਮੇਵਾ ਸਿੰਘ ਨੇ ਕਿਹਾ ਕਿ ਬਿਜਲੀ ਬਿਲ 2025, ਬੀਜ ਬਿਲ 2025 ਨੂੰ ਰੱਦ ਕਰਵਾਉਣ, ਮਨਰੇਗਾ ਸਕੀਮ ਨੂੰ ਬਹਾਲ ਕਰਵਾਉਣ, 4 ਲੇਬਰ ਕੋਡ ਰੱਦ ਕਰਵਾਕੇ ਕਿਰਤ ਕਾਨੂੰਨਾਂ ਦੀ ਮੁੜ ਤੋਂ ਬਹਾਲੀ ਕਰਵਾਉਣ, ਅਮਰੀਕਾ ਨਾਲ ਕੀਤਾ ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਦੀਆਂ ਜਨਤਕ ਜਾਇਦਾਦਾਂ ਵੇਚਣ ਖ਼ਿਲਾਫ਼, ਨਿੱਜੀਕਰਨ, ਸੰਸਾਰੀਕਰਨ ਤੇ ਉਦਾਰੀਕਰਨ ਦੀਆਂ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਖ਼ਤਮ ਕਰਵਾਉਣ, ਠੇਕਾ ਭਰਤੀ ਦੀ ਥਾਂ ਸਾਰੇ ਅਦਾਰਿਆਂ ਅੰਦਰ ਪੱਕੀ ਭਰਤੀ ਕਰਵਾਉਣ ਲਈ ਇਹ ਧਰਨੇ ਲਗਾਏ ਜਾ ਰਹੇ ਹਨ | ਉਨ੍ਹਾਂ ਸਮੂਹ ਮਿਹਨਤਕਸ਼ ਲੋਕਾਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਨੂੰ ਇਸ ਧਰਨੇ ਨੂੰ ਕਾਮਯਾਬ ਕਰਨ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ |