ਗੁ: ਸਾਹਿਬ ਬਾਬੇ ਸ਼ਹੀਦਾਂ ਅਜਨੌਦ ਵਿਖੇ 74ਵੇਂ ਸਾਲਾਨਾ ਜੋੜ ਮੇਲਾ ਅੱਜ ਤੋਂ
ਅਜੀਤ ਡੈਸਕ
24-02-2026
ਦੋਰਾਹਾ, 23 ਫ਼ਰਵਰੀ (ਮਨਜੀਤ ਸਿੰਘ ਗਿੱਲ)-ਗੁਰਦੁਆਰਾ ਬਾਬੇ ਸ਼ਹੀਦਾਂ ਦੇ ਪਵਿੱਤਰ ਅਸਥਾਨ ਪਿੰਡ ਅਜਨੌਦ, ਨੇੜੇ ਦੋਰਾਹਾ ਲੁਧਿਆਣਾ ਵਿਖੇ ਸ਼ਹੀਦਾਂ ਦੀ ਯਾਦ ਨੂੰ 74ਵਾਂ ਸਾਲਾਨਾ ਜੋੜ ਮੇਲਾ 24, 25 ਅਤੇ 26 ਫਰਵਰੀ ਨੂੰ ਸਮੂਹ ਸਾਧ ਸੰਗਤ, ਗ੍ਰਾਮ ਪੰਚਾਇਤ, ਇਲਾਕਾ ਨਿਵਾਸੀ ਅਤੇ ਗੁ. ਪ੍ਰਬੰਧਕ ਕਮੇਟੀ ਪਿੰਡ ਅਜਨੌਦ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਸੁਖਜਿੰਦਰ ਸਿੰਘ ਸੁੱਖੀ ਅਜਨੌਦ ਸੇਵਾਦਾਰ ਗੁ. ਬਾਬੇ ਸ਼ਹੀਦਾਂ ਅਜਨੌਦ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 26 ਤਰੀਕ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਜਾਣਗੇ | ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰ ਜੱਥੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜ ਕੇ ਨਿਹਾਲ ਕਰਨਗੇ ਅਤੇ ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋਂ 26 ਫਰਵਰੀ ਨੂੰ ਲੋੜਵੰਦ ਮਰੀਜ਼ਾਂ ਲਈ ਮਨੁੱਖਤਾ ਦੇ ਭਲੇ ਲਈ ਮਹਾਨ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ | ਗੁ: ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਲੈ ਕੇ ਜਾਣ ਤੇ ਛੱਡਣ ਦਾ ਖਾਸ ਪ੍ਰਬੰਧ ਹੈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ |