ਮਾਛੀਵਾੜਾ ਸਾਹਿਬ, 23 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਜੰਗਲੀ ਖੇਤਰ ਵਿਚ ਮਾਛੀਵਾੜਾ ਵਾਸੀ ਸਾਹਿਲ ਕੁਮਾਰ ਨੂੰ ਕੁੱਝ ਨੌਜਵਾਨਾਂ ਵਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਉੱਪਰ ਅੰਨ੍ਹਾ ਤਸ਼ੱਦਦ ਕੀਤਾ ਗਿਆ | ਨੌਜਵਾਨ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਿਲ ਕੁਮਾਰ ਨੇ ਦੱਸਿਆ ਕਿ ਉਹ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਹੈ ਜਿਸ ਦੀ ਕੁੱਝ ਮਹੀਨੇ ਪਹਿਲਾਂ ਸਾਥੀ ਕਰਮਚਾਰੀ ਨਾਲ ਖਹਿਬਾਜ਼ੀ ਹੋ ਗਈ ਸੀ | ਦੋਸਤਾਂ ਵਲੋਂ ਇਸ ਸਬੰਧੀ ਸਮਝੌਤਾ ਕਰਵਾ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ | ਬੀਤੀ ਕੱਲ੍ਹ ਦੁਪਹਿਰ ਵੇਲੇ ਜਿਸ ਨਾਲ ਉਸ ਦਾ ਝਗੜਾ ਹੋਇਆ ਸੀ ਉਹ ਨੌਜਵਾਨ ਬਹਾਨੇ ਨਾਲ ਜੋਧਵਾਲ ਲੈ ਗਿਆ | ਪਿੰਡ ਵਿਚ ਜਾ ਕੇ ਉਸ ਨੂੰ ਖੜ੍ਹਾ ਕੇ ਉਹ ਆਪ ਕਿਧਰੇ ਚਲਾ ਗਿਆ ਅਤੇ ਕੁੱਝ ਦੇਰ ਬਾਅਦ ਮੋਟਰਸਾਈਕਲਾਂ 'ਤੇ 8 ਨੌਜਵਾਨ ਆਏ, ਜੋ ਉਸ ਨੂੰ ਬੰਨ੍ਹ ਕੇ ਅਗਵਾ ਕਰ ਮੰਡ ਸ਼ੇਰੀਆਂ ਦੇ ਜੰਗਲੀ ਖੇਤਰ ਵਿਚ ਲੈ ਗਏ | ਸੁੰਨਸਾਨ ਇਲਾਕੇ ਵਿਚ ਜਾ ਕੇ ਉਸ ਨੂੰ ਪੁੱਠਾ ਲਟਕਾ ਦਿੱਤਾ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ | ਡੰਡਿਆਂ ਨਾਲ ਸਿਰ ਤੇ ਬਾਂਹ ਤੋਂ ਇਲਾਵਾ ਹੋਰ ਕਈ ਥਾਵਾਂ 'ਤੇ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਲੋਹੇ ਦੀ ਕੰਡਿਆਲੀ ਤਾਰ 'ਤੇ ਨੰਗੇ ਪੈਰੀਂ ਚਲਾਇਆ ਅਤੇ ਫਿਰ ਦਰਖਤ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ | ਸਾਹਿਲ ਦੇ ਮਾਤਾ-ਪਿਤਾ ਆਪਣੇ ਲੜਕੇ ਦੀ ਤਲਾਸ਼ ਕਰਦੇ ਹੋਏ ਦੇਰ ਸ਼ਾਮ ਮੰਡ ਸ਼ੇਰੀਆਂ ਦੇ ਜੰਗਲੀ ਖੇਤਰ ਵਿਚ ਪਹੁੰਚੇ, ਜਿੱਥੇ ਉਨ੍ਹਾਂ ਦਾ ਲੜਕਾ ਸਾਹਿਲ ਦਰਖਤ ਨਾਲ ਬੰਨਿਆ ਹੋਇਆ ਸੀ ਅਤੇ ਲਹੂ-ਲੁਹਾਨ ਹੋਇਆ ਪਿਆ ਸੀ | ਪਰਿਵਾਰ ਵਲੋਂ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਦੇ ਸਿਰ ਤੇ ਮੂੰਹ 'ਤੇ ਟਾਂਕੇ ਲਗਾਏ ਗਏ | ਐਕਸ-ਰੇ ਕਰ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦੇ ਕਿਧਰੇ ਕੋਈ ਹੱਡੀ ਫਰੈਕਚਰ ਤਾਂ ਨਹੀਂ ਹੋਈ | ਦੂਸਰੇ ਪਾਸੇ ਦੇ ਪਿਤਾ ਵਿੱਕੀ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੇ ਲੜਕੇ ਉੱਪਰ ਅੰਨ੍ਹਾ ਤਸ਼ੱਦਦ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮਾਮਲੇ ਸਬੰਧੀ ਜਦੋਂ ਮਾਛੀਵਾੜਾ ਥਾਣਾ ਨਾਲ ਸੰਪਰਕ ਕੀਤਾ ਗਿਆ ਤਾਂ ਮੁਨਸ਼ੀ ਕੁਲਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਸਮਰਾਲਾ ਹਸਪਤਾਲ ਵਲੋਂ ਸਾਹਿਲ ਕੁਮਾਰ ਨਾਲ ਹੋਈ ਕੁੱਟਮਾਰ ਸਬੰਧੀ ਕੋਈ ਵੀ ਸੂਚਨਾ ਨਹੀਂ ਭੇਜੀ ਗਈ |