ਸਮਰਾਲਾ, 23 ਫਰਵਰੀ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਵਿਚ ਕੀਤੀਆਂ ਜਾ ਰਹੀਆਂ 'ਪੰਜਾਬ ਬਚਾਓ ਸੁਖਬੀਰ ਲਿਆਓ' ਸਲੋਗਨ ਤਹਿਤ 40 ਰੈਲੀਆਂ ਦੀ ਲੜੀ ਵਿਚ ਸਮਰਾਲਾ ਵਿਖੇ ਪਹਿਲੀ ਮਾਰਚ ਨੂੰ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਹਲਕਾ ਇੰਚਾਰਜ ਸਮਰਾਲਾ ਨੇ ਸਮਰਾਲਾ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਪੰਜਾਬ ਨੂੰ ਮੁੜ ਖੇਤਰੀ ਪਾਰਟੀ ਦੀ ਜ਼ਰੂਰਤ ਹੈ, ਜੋ ਸਿਰਫ਼ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਸੋਚੇ | ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਦੌਰਾਨ ਜੁਮਲੇਬਾਜਾਂ ਦੀ ਸਰਕਾਰ ਬਣਾ ਕੇ ਜੋ ਗ਼ਲਤੀ ਕੀਤੀ ਹੈ, ਉਸ ਲਈ ਅੱਜ ਪੰਜਾਬ ਦਾ ਹਰ ਆਮ ਵੋਟਰ ਕੀ ਹਰ ਸਰਕਾਰੀ ਕਰਮਚਾਰੀ ਇਨ੍ਹਾਂ ਨੂੰ ਸੱਤਾ ਵਿਚ ਲਿਆ ਕੇ ਪਛਤਾ ਰਿਹਾ ਹੈ | ਇਨ੍ਹਾਂ ਨੇ ਪੰਜਾਬ ਨਾਲ ਜੋ ਗ਼ੱਦਾਰੀ ਕੀਤੀ ਹੈ, ਉਸ ਲਈ ਕਦੇ ਵੀ ਮੁਆਫ਼ ਨਹੀਂ ਕੀਤਾ ਜਾਵੇਗਾ | ਇਸ ਲਈ ਹੁਣ ਪੰਜਾਬ ਦੇ ਲੋਕ ਮੁੜ ਸ਼ੋ੍ਰਮਣੀ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣ ਲਈ ਕਾਹਲੇ ਹਨ | ਜਿਸ ਤਹਿਤ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਹਰੇਕ ਪੰਜਾਬੀ ਨਾਲ ਆਪਣਾ ਰਾਬਤਾ ਬਣਾਉਣ ਲਈ ਵੱਖ ਵੱਖ ਹਲਕਿਆਂ ਵਿਚ ਜਾ ਕੇ ਰੈਲੀਆਂ ਕਰ ਰਹੇ ਹਨ | 1 ਮਾਰਚ ਨੂੰ ਸਮਰਾਲਾ ਦੀ ਅਨਾਜ ਮੰਡੀ ਵਿਚ ਸਵੇਰੇ 11 ਵਜੇ ਸਮਰਾਲਾ ਹਲਕੇ ਦੇ ਲੋਕਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ | ਜਿਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਨੇ ਵੱਖ-ਵੱਖ ਸ਼ਹਿਰਾਂ ਦੇ ਵਾਰਡਾਂ ਤੱਕ ਅਤੇ ਪਿੰਡਾਂ ਦੇ ਮੁਹੱਲਿਆਂ ਤੱਕ ਰਾਬਤਾ ਕਾਇਮ ਕਰ ਰਹੇ ਹਨ | ਮੀਟਿੰਗ ਵਿਚ ਸ਼ਾਮਲ ਆਗੂਆਂ ਅਤੇ ਵਰਕਰਾਂ ਨੇ ਪਰਮਜੀਤ ਸਿੰਘ ਢਿੱਲੋਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ 1 ਮਾਰਚ ਦੀ ਸਮਰਾਲਾ ਰੈਲੀ ਇਤਿਹਾਸਕ ਰੈਲੀ ਵਜੋਂ ਸਾਬਤ ਹੋਵੇਗੀ, ਜੋ ਸੱਤਾਧਾਰੀ ਧਿਰ ਦੀ ਹਿੱਕ ਵਿਚ ਛੁਰੇ ਵਾਂਗੂੰ ਲੱਗੇਗੀ | ਇਸ ਰੈਲੀ ਸਬੰਧੀ ਸਾਰੇ ਆਗੂ ਹਰੇਕ ਵਿਅਕਤੀ ਨਾਲ ਆਪਣਾ ਰਾਬਤਾ ਬਣਾ ਰਹੇ ਹਨ ਤਾਂ ਜੋ ਸਾਰੇ ਸ਼ੋ੍ਰਮਣੀ ਅਕਾਲੀ ਦੀਆਂ ਨੀਤੀਆਂ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਸੁਣ ਸਕਣ | ਮੀਟਿੰਗ ਦੇ ਅਖੀਰ ਵਿਚ ਪਰਮਜੀਤ ਸਿੰਘ ਢਿੱਲੋਂ ਨੇ ਆਸ ਪ੍ਰਗਟ ਕੀਤੀ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਹੁਣ ਇਹੀ ਕਹਿ ਰਹੀ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਸ਼ੋ੍ਰਮਣੀ ਅਕਾਲੀ ਦਲ ਦੀ ਹੋਵੇਗੀ, ਜੋ ਪੰਜਾਬ ਨੂੰ ਮੁੜ ਬੁਲੰਦੀਆਂ ਵੱਲ ਲੈ ਕੇ ਜਾਵੇਗੀ |