ਕੁਹਾੜਾ, 24 ਫਰਵਰੀ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ ਅਧਿਆਪਕ ਫ਼ਰੰਟ ਦੇ ਮਾਂਗਟ-3 ਦੇ ਬਲਾਕ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਬਦਲੀਆਂ, ਡੈਪੂਟੇਸ਼ਨਾਂ ਅਤੇ ਬੀ. ਐਲ. ਓ ਡਿਊਟੀਆਂ ਕਾਰਨ ਸਕੂਲਾਂ ਅੰਦਰ ਪੜਾਈ ਦਾ ਬੁਰਾ ਹਾਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਬਲਾਕ ਵਿੱਚ 15 ਸਕੂਲ ਸਿੰਗਲ ਅਧਿਆਪਕ ਅਤੇ 5 ਸਕੂਲ ਟੀਚਰ ਲੈਸ ਚੱਲ ਰਹੇ ਹਨ, ਜਿਸ ਕਾਰਨ ਅਧਿਆਪਕ, ਮਾਪੇ ਤੇ ਬੱਚੇ ਬਹੁਤ ਚਿੰਤਾਂ ਵਿੱਚ ਹਨ | ਸਪੇਟਾ ਦੇ ਬਲਾਕ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ 2001 ਤੋਂ ਇਸ ਬਲਾਕ ਵਿਚ ਨੌਕਰੀ ਕਰ ਰਹੇ ਹਨ | ਉਸ ਸਮੇਂ ਤੋਂ ਹੀ ਇਸ ਬਲਾਕ ਵਿਚ ਲਗਾਤਾਰ ਅਧਿਆਪਕਾਂ ਦੀ ਘਾਟ ਚਲਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਵੀ ਇਸ ਬਲਾਕ ਵਿਚ ਭਰਤੀ ਹੁੰਦੀ ਹੈ ਤਾਂ ਅਧਿਆਪਕ ਛੇਤੀ ਹੀ ਆਪਣੀ ਬਦਲੀ ਕਰਵਾ ਕੇ ਚਲੇ ਜਾਂਦੇ ਹਨ ਅਤੇ ਬਾਕੀ ਆਪਣੇ ਜ਼ਿਲੇ੍ਹ ਵਿੱਚ ਡੈਪੂਟੇਸ਼ਨਾਂ ਕਰਵਾ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਬਦਲੀਆਂ ਜ਼ਰੂਰ ਕਰੇ ਪਰ ਇਹਨਾਂ ਸਕੂਲਾਂ ਵਿਚ ਪਹਿਲਾਂ ਅਧਿਆਪਕਾਂ ਦਾ ਕੋਈ ਪੱਕਾ ਪ੍ਰਬੰਧ ਕਰੇ | ਈ. ਟੀ. ਟੀ. ਯੂਨੀਅਨ ਦੇ ਬਲਾਕ ਆਗੂ ਸੰਜੇ ਕੁਮਾਰ ਨੇ ਕਿਹਾ ਕਿ ਹੁਣ ਬੀ. ਐੱਲ. ਓ. ਡਿਊਟੀਆਂ ਕਾਰਨ ਬਹੁਤ ਸਾਰੇ ਅਧਿਆਪਕ ਸਕੂਲਾਂ ਤੋਂ ਫ਼ਾਰਗ ਹੋ ਗਏ ਹਨ ਤੇ ਬਹੁਤ ਸਾਰੇ ਬੀ. ਐੱਲ. ਓ ਸਿੰਗਲ ਹੋਣ ਕਰਕੇ ਉਨ੍ਹਾਂ ਦੀ ਥਾਂ ਹੋਰ ਅਧਿਆਪਕਾਂ ਦਾ ਪ੍ਰਬੰਧ ਕਰਨ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ | ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਬੱਚਿਆਂ ਦੀ ਪੜ੍ਹਾਈ ਵਿੱਚ ਸੱਚਮੁੱਚ ਸੁਧਾਰ ਕਰਨਾ ਚਾਹੁੰਦੀ ਹੈ ਤਾਂ ਪਹਿਲਾ ਅਧਿਆਪਕਾਂ ਦੀ ਘਾਟ ਪੂਰੀ ਕਰੇ |ਅਧਿਆਪਕਾਂ ਦੀਆ ਬੀ. ਐੱਲ. ਓ, ਇਲੈੱਕਸ਼ਨ ਡਿਊਟੀਆਂ, ਮਰਦਮਸ਼ੁਮਾਰੀ ਤੇ ਹੋਰ ਗੈਰ ਵਿੱਦਿਅਕ ਡਿਊਟੀਆਂ ਬੰਦ ਕਰਕੇ ਸਰਕਾਰ ਛੇਤੀ ਤੋ ਛੇਤੀ ਭਰਤੀ ਕਰੇ ਜਾਂ ਰੈਸਨੇਲਾਈਜੇਸ਼ਨ ਨੂੰ ਸਹੀ ਢੰਗ ਨਾਲ ਲਾਗੂ ਕਰਕੇ ਮਾਂਗਟ-3 ਬਲਾਕ ਵਿੱਚ ਅਧਿਆਪਕਾਂ ਦੀ ਕਮੀ ਪੂਰੀ ਕੀਤੀ ਜਾਵੇ |