ਡੇਹਲੋਂ, 24 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਸੈਂਟ ਥੋਮਸ ਕਾਨਵੇਂਟ ਸਕੂਲ ਰੁੜਕਾ ਦੇ ਵਿਦਿਆਰਥੀ ਗੁਰਕਮਲ ਸਿੰਘ ਦਿਓਲ ਨੇ ਕਰਾਟੇ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਦਾ ਸਕੂਲ ਵਿਖੇ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਥਾਈਲੈਂਡ ਵਿੱਚ ਕਰਾਟੇ ਕੱਪ 2026 ਦੀ ਪ੍ਰਤੀਯੋਗਤਾ ਕਾਰਵਾਈ ਗਈ, ਜਿਸ ਵਿੱਚ 10 ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਨੇਪਾਲ, ਉਂਜਬੇਕਿਸਤਾਨ ਓਮਾਨ, ਭੂਟਾਨ, ਦੁਬਈ ਆਦਿ ਦੇਸ਼ਾਂ ਵਿੱਚ ਕਰਾਟੇ ਮੁਕਾਬਲਾ ਹੋਇਆ | ਭਾਰਤ ਵਿੱਚ ਵੱਖ ਵੱਖ ਰਾਜਾਂ ਤੋਂ ਲਗਭਗ 20 ਵਿਦਿਆਰਥੀਆਂ ਨੇ ਇਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ | ਸੈਂਸ਼ਿਗਾਨ ਸ਼ੋਟੋਕਨ ਕਰਾਟੇ ਸਕੂਲ ਓਫ ਇੰਡੀਆ ਵਲੋਂ ਪੰਜਾਬ ਵਿਚੋਂ 5 ਵਿਦਿਆਰਥੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਲਈ ਚੁਣੇ ਗਏ, ਜਿਨ੍ਹਾਂ ਵਿਚੋਂ 3 ਵਿਦਿਆਰਥੀਆ ਨੇ ਗੋਲਡ ਮੈਡਲ ਹਾਸਿਲ ਕੀਤਾ 1 ਸਿਲਵਰ ਮੈਡਲ ਤੇ 1 ਕਾਂਸੀ ਦਾ ਮੈਡਲ ਸੈਂਟ ਥੋਮਸ ਕਾਨਵੇਂਟ ਸਕੂਲ ਦੇ ਵਿਦਿਆਰਥੀ ਗੁਰਕਮਲ ਸਿੰਘ ਦਿਓਲ ਨੇ ਪ੍ਰਾਪਤ ਕੀਤਾ | ਗੁਰਕਮਲ ਸਿੰਘ ਦਿਓਲ ਵਲੋਂ ਕਰਾਟੇ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਿਲ ਕਰਨ ਸੰਬੰਧੀ ਪਤਾ ਲੱਗਣ ਤੇ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਸੈਂਟ ਥੋਮਸ ਕਾਨਵੇਂਟ ਰੁੜਕਾ ਪਹੁੰਚਕੇ ਬੱਚੇ ਗੁਰਕਮਲ ਸਿੰਘ ਦਿਓਲ ਨੂੰ ਸਨਮਾਨਿਤ ਕੀਤਾ | ਵਿਧਾਇਕ ਸੰਗੋਵਾਲ ਨੇ ਇਸ ਦਾ ਸਿਹਰਾ ਕਰਾਟੇ ਕੋਚ ਮਹਿੰਦਰ ਪਾਲ ਨੂੰ ਦਿੰਦਿਆਂ ਸਕੂਲ ਪਿ੍ੰਸੀਪਲ ਫਾਦਰ ਸੋਗਿਨ ਚਿਰਾਇਲ, ਗੁਰਕਮਲ ਸਿੰਘ ਦਿਓਲ ਦੇ ਪਿਤਾ ਪਰਮਿੰਦਰ ਸਿੰਘ ਦਿਓਲ ਤੇ ਮਾਤਾ ਜਸ਼ਨਦੀਪ ਸਿੰਘ ਦਿਓਲ ਨੂੰ ਵਧਾਈ ਦਿੱਤੀ | ਇਸ ਸਮੇਂ ਸਰਪੰਚ ਕੁਲਵੀਰ ਸਿੰਘ, ਸੰਮਤੀ ਮੈਂਬਰ ਦਵਿੰਦਰ ਪਾਲ ਸਿੰਘ ਲਾਡੀ ਸੰਗੋਵਾਲ, ਰਵੀ ਝੱਮਟ, ਸੰਮਤੀ ਮੈਂਬਰ ਸਾਹਿਬਜੀਤ ਸਿੰਘ ਸਾਬੀ ਜਰਖੜ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |